Friday 21 September 2012

ਸੁਖਬੀਰ ਸਿੰਘ ਬਾਦਲ ਵਲੋਂ ਕੇਂਦਰੀ ਕਰਾਂ ਵਿਚ ਘੱਟੋਂ ਘੱਟ 20 ਫੀਸਦੀ ਹਿੱਸੇ ਦੀ ਮੰਗ


  •  ਕੇਂਦਰ ਪੰਜਾਬ ਦੇ ਕੇਂਦਰੀ ਕਰਾਂ ਵਿਚ ਮੌਜੂਦਾ ਹਿੱਸੇ ਨੂੰ 1.32 ਫੀਸਦੀ ਤੋਂ ਵਧਾਕੇ ਘੱਟੋ ਘੱਟ 20 ਫੀਸਦੀ ਕਰੇ ਅਸੀਂ ਪੰਜਾਬ ਦੇ ਹਰ ਪਰਿਵਾਰ ਨੂੰ ਸਬਸਿਡੀ ਵਾਲੇ 12 ਸਿਲੰਡਰ ਮੁਹੱਈਆ ਕਰਾਉਣ ਲਈ ਤਿਆਰ। 
  • ਆਈ.ਸੀ.ਯੂ ਵਿਚ ਦਾਖਲ ਯੂ.ਪੀ.ਏ ਸਰਕਾਰ ਨੂੰ ਪਰਚੂਨ ਵਿਚ ਸਿੱਧਾ ਵਿਦੇਸ਼ੀ ਨਿਵੇਸ਼ ਲਾਗੂ ਕਰਨ ਦਾ ਕੋਈ ਹੱਕ ਨਹੀਂ। 
  • ਕੇਂਦਰ ਆਪਣੀਆਂ ਜਿੰਮੇਵਾਰੀਆਂ ਰਾਜਾਂ ਦੇ ਸਿਰ ਪਾਉਣ ਲਈ ਤਿਕੜਮਬਾਜ਼ੀ 'ਤੇ ਉਤਰਿਆ। 
ਲੁਧਿਆਣਾ, 21 ਸਤੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਹ ਕੇਂਦਰੀ ਕਰਾਂ ਵਿਚ ਰਾਜਾਂ ਦੇ ਹਿੱਸੇ ਨੂੰ ਵਧਾਉਣ ਤੋਂ ਬਿਨਾ ਹੀ ਆਪਣੀਆਂ ਜਿੰਮੇਵਾਰੀਆਂ ਰਾਜਾਂ ਦੇ ਸਿਰ ਮੜਣ ਦੀ ਤਿਕੜਮਬਾਜ਼ੀ ਕਰ ਰਹੀ ਹੈ।ਅੱਜ ਇਥੇ ਲੁਧਿਆਣਾ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਸ਼੍ਰੀ ਹਰਚਰਨ ਸਿੰਘ, ਸੀਨੀਅਰ ਮੇਅਰ ਸ਼੍ਰੀਮਤੀ ਸੁਨੀਤਾ ਅਗਰਵਾਲ ਅਤੇ ਡਿਪਟੀ ਮੇਅਰ ਸ਼੍ਰੀ ਆਰ.ਡੀ. ਸ਼ਰਮਾ ਨੂੰ ਵਧਾਈ ਦੇਣ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ. ਬਾਦਲ ਨੇ ਸਵਾਲ ਕੀਤਾ ਕਿ ਰਸੋਈ ਗੈਸ ਸਿਲੰਡਰਾਂ ਦੀ ਗਿਣਤੀ 6 ਤੱਕ ਸੀਮਿਤ ਕਰਨ ਅਤੇ ਡੀਜ਼ਲ ਦੀ ਕੀਮਤ ਵਿਚ 5 ਰੁਪਏ ਦਾ ਭਾਰੀ ਵਾਧਾ ਕਰਨ ਪਿਛੇ ਕੀ ਤਰਕ ਹੈ? ਉਨਾ ਕਿਹਾ ਕਿ ਜਦੋਂ ਵਿਸ਼ਵ ਭਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਸਾਰੇ ਮੁਲਕ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਘਟਾ ਰਹੇ ਹਨ ਤਾਂ ਭਾਰਤ ਹੀ ਦੁਨੀਆਂ ਦਾ ਇਕਲੌਤਾ ਮੁਲਕ ਹੈ ਜਿਥੇ ਡੀਜ਼ਲ ਦੀ ਕੀਮਤ ਵਧਾਈ ਗਈ ਹੇ। ਉਨਾ ਦੋਸ਼ ਲਾਇਆ ਕਿ ਕਾਂਗਰਸ ਆਮ ਆਦਮੀ ਅਤੇ ਸਰਕਾਰੀ ਖਜ਼ਾਨੇ ਦੀ ਕੀਮਤ 'ਤੇ ਬਹੁ ਰਾਸ਼ਟਰੀ ਤੇਲ ਕੰਪਨੀਆਂ ਦੇ ਖਜ਼ਾਨੇ ਭਰਨ ਵਿਚ ਲੱਗੀ ਹੋਈ ਹੈ। ਉਨਾ ਕਿਹਾ ਕਿ ਪਟਰੋਲ 'ਤੇ ਕੇਂਦਰੀ ਐਕਸਾਇਜ਼ ਘਟਣ ਕਾਰਨ ਤੇਲ ਕੰਪਨੀਆਂ ਪਿਛਲੇ 15 ਦਿਨਾਂ ਤੋਂ 1 ਰੁਪਏ ਪ੍ਰਤੀ ਲੀਟਰ ਵਾਧੂ ਮੁਨਾਫਾ ਕਮਾ ਰਹੀਆਂ ਹਨ ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਵਲੋਂ ਜਾਣ ਬੁਝ ਕੇ ਅਣਦੇਖੀ ਕਰਨ ਕਾਰਨ ਇਸ ਮੁਨਾਫੇ ਨੂੰ ਅੱਗੇ ਲੋਕਾਂ ਨੂੰ ਰਾਹਤ ਦੇਣ ਲਈ ਨਹੀਂ ਵਰਤਿਆ ਜਾ ਰਿਹਾ ਹੈ। ਉਨਾ ਕਾਂਗਰਸ ਸਾਸ਼ਤ ਪ੍ਰਦੇਸ਼ਾਂ ਵਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ 9 ਸਿਲੰਡਰ ਦਿੱਤੇ ਜਾਣ ਬਾਰੇ ਪੁਛੇ ਜਾਣ ਤੇ ਕਿਹਾ ਕਿ ਦੇਸ਼ ਦੇ ਲੋਕ ਰਸੋਈ ਗੈਸ ਬਾਰੇ ਫੈਸਲਾ ਮੁਕੰਮਲ ਤੌਰ 'ਤੇ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਅਤੇ ਕਾਂਗਰਸ ਦੇ ਇਸ ਤਮਾਸ਼ੇ ਨਾਲ ਉਹ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੇ। ਉਨਾ ਕਿਹਾ ਕਿ ਕੇਂਦਰ ਰਾਜਾਂ ਦੇ ਕੇਂਦਰੀ ਕਰਾਂ ਵਿਚ ਹਿੱਸੇ ਨੂੰ ਵਧਾਉਣ ਤੋਂ ਬਿਨਾ ਆਪਣੀਆਂ ਜਿੰਮੇਵਾਰੀਆਂ ਤੋਂ ਮੁਨਕਰ ਹੋਕੇ ਅੱਗੇ ਉਨਾ 'ਤੇ ਨਹੀਂ ਥੋਪ ਸਕਦਾ। ਉਨਾ ਕਿਹਾ ਕਿ ਕੇਂਦਰ ਪੰਜਾਬ ਦੇ ਕੇਂਦਰੀ ਕਰਾਂ ਵਿਚ ਮੌਜੂਦਾ ਹਿੱਸੇ ਨੂੰ 1.32 ਫੀਸਦੀ ਤੋਂ ਵਧਾਕੇ ਘੱਟੋ ਘੱਟ 20 ਫੀਸਦੀ ਕਰੇ ਅਸੀਂ ਪੰਜਾਬ ਦੇ ਹਰ ਪਰਿਵਾਰ ਨੂੰ ਸਬਸਿਡੀ ਵਾਲੇ 12 ਸਿਲੰਡਰ ਮੁਹੱਈਆ ਕਰਾਉਣ ਲਈ ਤਿਆਰ ਹਾਂ।ਸਿੱਧੇ ਵਿਦੇਸ਼ੀ ਨਿਵੇਸ਼ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਆਈ.ਸੀ.ਯੂ ਵਿਚ ਦਾਖਲ ਘੱਟ ਗਿਣਤੀ ਸਰਕਾਰ ਨੂੰ ਕੋਈ ਵੀ ਵੱਡਾ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ ਅਤੇ ਰਾਸ਼ਟਰਪਤੀ ਨੂੰ ਕੇਂਦਰ ਸਰਕਾਰ ਨੂੰ ਕੋਈ ਨੀਤੀ ਫੈਸਲਾ ਲੈਣ ਤੋਂ ਰੋਕਣਾ ਚਾਹੀਦਾ ਹੈ।ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਪੰਜਾਬ ਦੇ ਸ਼ਹਿਰੀ ਅਤੇ ਦਿਹਾਤੀ ਵਿਕਾਸ ਲਈ ਅਗਲੇ 4 ਸਾਲਾਂ ਦੌਰਾਨ ਕਰਮਵਾਰ 8750 ਕਰੋੜ ਰੁਪਏ ਅਤੇ 10,000 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਪ੍ਰੋਗਰਾਮ ਅਰੰਭਿਆ ਗਿਆ ਹੈ ਜਿਸ ਨਾਲ ਰਾਜ ਦੀ ਸਮੁੱਚੀ ਕਾਇਆ ਕਲਪ ਹੋ ਜਾਵੇਗੀ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਵਿਚ ਕਿਸੇ ਤਰਾ ਦੀ ਧੜੇਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਬਿਮਾਰੀ ਕਾਂਗਰਸ ਕੇਂਦਰਤ ਹੀ ਹੈ। ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਰਾ ਇੱਕਮੁਠ ਹੈ ਅਤੇ ਛੇਤੀ ਹੀ ਹੋਣ ਜਾ ਰਹੀਆਂ ਲੋਕ ਸਭਾਈ ਚੋਣਾਂ ਵਿਚ ਹੂੰਝਾ ਫੇਰੂ ਜਿਤ ਲਈ ਦ੍ਰਿੜ ਸੰਕਲਪ ਹੈ।

No comments:

Post a Comment