Thursday 27 September 2012

ਐਫ.ਡੀ.ਆਈ. ਮੁੱਦੇ 'ਤੇ ਪੂਰੀ ਤਰਾਂ ਐਨ.ਡੀ.ਏ. ਦੇ ਨਾਲ- ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ

• ਦਿੱਲੀ 'ਚ ਬੈਠੇ 'ਦੋ ਬੰਦਿਆਂ' ਨੂੰ ਕੋਈ ਹੱਕ ਨਹੀਂ ਕਿ ਉਹ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨ
• ਯੂ.ਪੀ.ਏ. ਨੂੰ ਦੇਸ਼ ਨੂੰ ਬਹੁ-ਰਾਸ਼ਟਰੀ ਕੰਪਨੀਆਂ ਦੇ ਹੱਥ ਨਹੀਂ ਵੇਚਣ ਦੀ ਇਜ਼ਾਜ਼ਤ ਨਹੀਂ ਦੇ ਸਕਦੇ
• ਕਾਂਗਰਸ ਪਾਰਟੀ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਵਿਸ਼ਵ ਦੇ ਇਤਿਹਾਸ 'ਚ ਸੱਭ ਤੋਂ ਵੱਧ ਭ੍ਰਿਸ਼ਟ ਪਾਰਟੀ ਦਾ ਖਿਤਾਬ ਹਾਸਿਲ ਕਰਨ ਦੀ ਹੋੜ 'ਚ


ਮੌੜ ਮੰਡੀ (ਬਠਿੰਡਾ), 27 ਸਤੰਬਰ- ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਜੋਰ ਦਿੰਦਿਆਂ ਦੁਹਰਾਇਆ ਹੈ ਕਿ ਪ੍ਰਚੂਨ ਖੇਤਰ 'ਚ ਐਫ.ਡੀ.ਆਈ. ਦੇ ਮਾਮਲੇ 'ਚ ਉਹ ਪੂਰੀ ਤਰਾਂ ਐਨ.ਡੀ.ਏ. ਦੇ ਨਾਲ ਹਨ ਅਤੇ ਇਸ ਮੁੱਦੇ ਨੂੰ ਲੈ ਕੇ ਗਠਜੋੜ ਦੇ ਦੋਵਾਂ ਭਾਈਵਾਲਾਂ ਦਰਮਿਆਨ ਕੋਈ ਵਖਰੇਵਾਂ ਨਹੀਂ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅੱਜ ਇਥੇ ਇੱਕ ਵਿਸ਼ਾਲ ਜਨਤਕ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।


ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਲਗਾਤਾਰ ਇਹੀ ਕਹਿੰਦੇ ਆਏ ਹਨ ਕਿ ਯੂ.ਪੀ.ਏ. ਨੂੰ ਅਜਿਹਾ ਕੋਈ ਵੀ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਇਸ ਮੁੱਦੇ ਨਾਲ ਸਬੰਧਤ ਸਾਰੀਆਂ ਧਿਰਾਂ ਜਿੰਨਾਂ 'ਚ ਕਰਿਆਨਾ ਵਪਾਰੀ, ਕਿਸਾਨ. ਬੇਰੁਜ਼ਗਾਰ ਨੌਜਵਾਨ ਅਤੇ ਵਿਰੋਧੀ ਸਿਆਸੀ ਪਾਰਟੀਆਂ ਸ਼ਾਮਿਲ ਹਨ, ਨੂੰ ਵਿਸ਼ਵਾਸ 'ਚ ਲੈਣਾ ਚਾਹੀਦਾ ਸੀ ਕਿਉਂਕਿ ਇਸ ਫੈਸਲੇ ਦਾ ਦੇਸ਼ ਦੇ ਆਰਥਕ ਮਾਹੌਲ 'ਤੇ ਦੂਰਗਾਮੀ ਪ੍ਰਭਾਵ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ 'ਚ ਬੈਠੇ 'ਦੋ ਬੰਦਿਆਂ' ਨੂੰ ਕੋਈ ਹੱਕ ਨਹੀਂ ਹੈ ਕਿ ਉਹ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨ। ਉਨ•ਾਂ ਕਿਹਾ ਕਿ ਅੰਗਰੇਜ ਸ਼ਾਸਕ ਵੀ ਕੋਈ ਬਿਲ ਪਾਸ ਕਰਨ ਤੋਂ ਪਹਿਲਾਂ ਉਸ ਦੀਆਂ ਕਾਪੀਆਂ ਜਨਤਾ 'ਚ ਵੰਡਦੇ ਸਨ ਤਾਂ ਕਿ ਇਸ 'ਤੇ ਆਮ ਸਹਿਮਤੀ ਬਣ ਸਕੇ, ਪਰ ਇਥੇ ਤਾਂ ਸਿਰਫ 'ਦੋ ਵਿਅਕਤੀ' ਹੀ 120 ਕਰੋੜ ਲੋਕਾਂ ਦੇ ਹਿਤਾਂ ਨੂੰ ਬਹੁਰਾਸ਼ਟਰੀ ਕੰਪਨੀਆਂ ਦੇ ਹੱਥਾਂ 'ਚ ਗਹਿਣੇ ਰੱਖ ਦੇਣਾ ਚਾਹੁੰਦੇ ਹਨ। ਸ. ਬਾਦਲ ਨੇ ਕਿਹਾ ਕਿ ਅਸਲ ਮੁੱਦਾ ਤਾਂ ਇਹ ਹੈ ਕਿ ਕੇਂਦਰ ਸਰਕਾਰ ਨੇ ਲੋਕਾਂ ਦਾ ਧਿਆਨ ਬਹੁ ਕਰੋੜੀ ਕੋਲਾ ਘੁਟਾਲੇ ਤੋਂ ਹਟਾਉਣ ਲਈ ਐਫ.ਡੀ.ਆਈ ਦਾ ਡਰਾਮਾ ਰਚਿਆ। ਉਨਾਂ ਕਿਹਾ ਕਿ ਵੋਟਰ ਹੁਣ ਸਿਆਣੇ ਹੋ ਚੁੱਕੇ ਹਨ ਅਤੇ ਉਨਾਂ ਨੂੰ ਇਨਾਂ ਘਟੀਆ ਚਾਲਾਂ ਨਾਲ ਮੂਰਖ ਨਹੀਂ ਬਣਾਇਆ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਇਕ ਤੋਂ ਬਾਅਦ ਇਕ ਘੁਟਾਲਿਆਂ 'ਚ ਹੋਏ ਇਜਾਫੇ ਤੋਂ ਤਾਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਵਿਸ਼ਵ ਇਤਿਹਾਸ ਦੀ ਸੱਭ ਤੋਂ ਭ੍ਰਿਸ਼ਟ ਪਾਰਟੀ ਵਜੋਂ ਗਿੰਨੀਜ਼ ਬੁੱਕ 'ਚ ਆਪਣਾ ਨਾਂਅ ਦਰਜ਼ ਕਰਵਾਉਣ ਦਾ ਮਨ ਬਣਾਈ ਬੈਠੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਜੋ ਕਾਰਨਾਮੇ ਕਰ ਰਹੀ ਹੈ ਇਨਾਂ ਦੇ ਚੱਲਦਿਆਂ ਦੇਸ਼ ਵੱਡੇ ਸੰਕਟ ਵੱਲ ਵੱਧ ਰਿਹਾ ਹੈ। ਉਨਾਂ ਕਿਹਾ ਕਿ ਅੱਜ ਦੇਸ਼ ਦਾ ਹਰ ਵਿਅਕਤੀ ਖੁਦ ਨੂੰ ਬੇਸਹਾਰਾ ਮਹਿਸੂਸ ਕਰ ਰਿਹਾ ਹੈ ਕਿਉਂਕਿ ਕੇਂਦਰ ਦੀ ਕਾਂਗਰਸ ਸਰਕਾਰ ਲਗਾਤਾਰ ਗਰੀਬਾਂ 'ਤੇ ਟੈਕਸ ਤੇ ਹੋਰ ਬੋਝ ਪਾ ਕੇ ਬਹੁਰਾਸ਼ਟਰੀ ਕੰਪਨੀਆਂ ਤੇ ਵੱਡੇ ਸਨਅਤੀ ਘਰਾਂ ਨੂੰ ਲਾਭ ਪਹੁੰਚਾਉਣ 'ਤੇ ਤੁਲੀ ਹੋਈ ਹੈ। ਉਨਾਂ ਕਿਹਾ ਕਿ ਕਾਂਗਰਸ ਵੱਲੋਂ ਦਿਨ-ਬ-ਦਿਨ ਵਧਾਈ ਜਾ ਰਹੀ ਮਹਿੰਗਾਈ ਕਾਰਨ ਆਮ ਵਿਅਕਤੀ ਦਾ ਘਰੇਲੂ ਬਜ਼ਟ ਪੂਰੀ ਤਰਾਂ ਹਿਲ ਗਿਆ ਹੈ।


ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਆਏ ਦਿਨ ਬਿਆਨ ਜਾਰੀ ਕਰਨ ਬਾਰੇ ਪੁੱਛੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁਸਕਰਾਉਂਦਿਆਂ ਕਿਹਾ ਕਿ ਇਹ ਸਾਰੇ ਬਿਆਨ ਕਾਂਗਰਸੀ ਆਗੂਆਂ ਵੱਲੋਂ ਪ੍ਰਧਾਨਗੀ ਹਾਸਿਲ ਕਰਨ ਦੇ ਚੱਕਰ 'ਚ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰ ਦੀ ਹਾਣੀ ਕਿਵੇਂ ਹੋ ਸਕਦੀ ਹੈ ਜਦੋਂ ਕਿ ਇਸ ਦੇ ਸੂਬੇ ਆਗੂਆਂ ਨੂੰ ਆਪਣੀ ਗੱਲ ਪਾਰਟੀ ਪ੍ਰਧਾਨ ਤੱਕ ਪਹੁੰਚਾਉਣ ਲਈ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਪੜੇ ਜਾਂਦੇ ਅਖ਼ਬਾਰਾਂ ਦਾ ਸਹਾਰਾ ਲੈਣਾ ਪੈਂਦਾ ਹੈ। ਉਨਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਕ ਲੋਕਤਾਂਤਰਕ ਪਾਰਟੀ ਆਪਣੇ ਆਗੂਆਂ ਦੇ ਸਿੱਧੇ ਸੰਪਰਕ 'ਚ ਨਹੀਂ ਹੈ ਅਤੇ ਇਸ ਦੇ ਆਗੂਆਂ ਨੂੰ ਆਪਣੇ ਸੁਨੇਹਾ ਹਾਈ ਕਮਾਂਡ ਤੱਕ ਪਹੁੰਚਾਉਣ ਲਈ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਰਾਹੁਲ ਦੇ ਪੰਜਾਬ ਦੇ ਪ੍ਰਸਤਾਵਤ ਦੌਰੇ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਬਹੁਤ ਪਹਿਲਾਂ ਦੀ ਇੱਕ ਗੱਲ ਯਾਦ ਹੈ ਜਦੋਂ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਉਨਾਂ ਦੇ ਹਲਕੇ ਗਿੱਦੜਬਾਹਾ ਸਮੇਤ ਪੰਜਾਬ ਦੇ 10 ਹਲਕਿਆਂ ਕਾਂਗਰਸ ਦੇ ਹੱਕ 'ਚ ਪ੍ਰਚਾਰ ਕੀਤਾ ਗਿਆ ਸੀ। ਉਨ•ਾਂ ਕਿਹਾ ਕਿ ਜਦੋਂ ਉਨ•ਾਂ ਤੋਂ ਮੀਡੀਆ ਨੇ ਇਸ ਦੇ ਸਿੱਟਿਆ ਬਾਰੇ ਪੁੱਛਿਆ ਸੀ ਤਾਂ ਉਨਾਂ ਕਿਹਾ ਸੀ ਕਿ ਕਾਂਗਰਸ ਉਹ ਸਾਰੀਆਂ 10 ਦੀਆਂ 10 ਸੀਟਾਂ ਹਾਰ ਜਾਵੇਗੀ ਜਿੱਥੇ ਸ੍ਰੀਮਤੀ ਇੰਦਰਾ ਗਾਂਧੀ ਨੇ ਪ੍ਰਚਾਰ ਕੀਤਾ ਹੈ ਅਤੇ ਬਾਅਦ 'ਚ ਨਤੀਜਿਆਂ ਨੇ ਇਸ ਗੱਲ ਨੂੰ ਸਹੀ ਸਾਬਿਤ ਕਰ ਦਿੱਤਾ। ਉਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਵੀ ਇਹੀ ਹਸ਼ਰ ਹੋਵੇਗਾ ਅਤੇ ਕਾਂਗਰਸ ਉਨਾਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਹਾਰੇਗੀ ਜਿੱਥੇ ਵੀ ਰਾਹੁਲ ਪ੍ਰਚਾਰ ਕਰੇਗਾ।


ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਤਾਂ ਆਪਣਾ ਹੈਡਕੁਆਟਰ ਹੀ ਪੰਜਾਬ 'ਚ ਬਣਾ ਲੈਣਾ ਚਾਹੀਦਾ ਹੈ ਤਾਂ ਕਿ ਇਸ ਦਾ ਸੂਬੇ 'ਚੋਂ ਪੂਰੀ ਤਰਾਂ ਸਫਾਇਆ ਹੋ ਸਕੇ।

No comments:

Post a Comment