Sunday, 16 December 2012

ਤੀਸਰਾ ਵਿਸ਼ਵ ਕੱਪ ਕਬੱਡੀ 2012-ਭਾਰਤੀ ਖਿਡਾਰਨਾਂ ਬਣੀਆ ਵਿਸ਼ਵ ਚੈਂਪੀਅਨ


ਮਲੇਸ਼ੀਆ ਨੂੰ 72-12 ਨਾਲ ਹਰਾ ਕੇ ਲਗਾਤਰ ਦੂਜੇ ਸਾਲ ਜਿੱਤਿਆ ਖਿਤਾਬ
ਭਾਰਤ ਨੇ 51 ਲੱਖ, ਮਲੇਸ਼ੀਆ ਨੇ 31 ਲੱਖ ਤੇ ਡੈਨਮਾਰਕ ਨੇ 21 ਲੱਖ ਦੀ ਇਨਾਮੀ ਰਾਸ਼ੀ ਜਿੱਤੀ
ਲੁਧਿਆਣਾ, 15 ਦਸੰਬਰ - ਭਾਰਤੀ ਮਹਿਲਾ ਕਬੱਡੀ ਟੀਮ ਨੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਮਲੇਸ਼ੀਆ ਨੂੰ 72-12 ਨਾਲ ਹਰਾ ਕੇ ਲਗਾਤਾਰ ਦੂਜੇ ਸਾਲ ਵਿਸ਼ਵ ਚੈਂਪੀਅਨਸ਼ਿਪ 'ਤੇ ਕਬਜ਼ਾ ਜਮਾਇਆ। ਭਾਰਤ ਨੇ ਨਾ ਸਿਰਫ ਫਾਈਨਲ ਜਿੱਤ ਕੇ ਖਿਤਾਬ ਦੀ ਰਾਖੀ ਕੀਤੀ ਬਲਕਿ ਵਿਸ਼ਵ ਕੱਪ ਵਿੱਚ ਅਜੇਤੂ ਚੱਲੀ ਆ ਰਹੀ ਮਲੇਸ਼ੀਆ ਦੀ ਟੀਮ ਦੇ ਜੇਤੂ ਰੱਥ ਨੂੰ ਜਲੰਧਰ ਵਿਖੇ ਠੱਲ੍ਹ ਪਾਈ। 
        ਲੁਧਿਆਣਾ ਦੇ ਖਚਾਖਚ ਭਰੇ ਗੁਰੂ ਨਾਨਕ ਸਟੇਡੀਅਮ ਵਿਖੇ ਘਰੇਲੂ ਦਰਸ਼ਕਾਂ ਸਾਹਮਣੇ ਭਾਰਤੀ ਮਹਿਲਾ ਟੀਮ ਨੇ ਫਾਈਨਲ ਨੂੰ ਇਕਪਾਸੜ ਬਣਾਉਂਦਿਆ ਮਲੇਸ਼ੀਆ ਨੂੰ ਖੇਡ ਦੀ ਹਰ ਖੇਡ ਵਿੱਚ ਪਛਾੜਿਆ।
        ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤ ਨੇ ਆਪਣੇ ਵਿਸ਼ਵ ਖਿਤਾਬ ਦੀ ਸ਼ਾਨ ਨਾਲ ਰੱਖਿਆ ਕਰਦਿਆਂ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਆਈ ਮਲੇਸ਼ੀਆ ਦੀ ਟੀਮ ਨੂੰ 72-12 ਨਾਲ ਹਰਾ ਕੇ 51 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਮਲੇਸ਼ੀਆ ਨੇ ਦੂਜੇ ਸਥਾਨ 'ਤੇ ਰਹਿੰਦਿਆ 31 ਲੱਖ ਰੁਪਏ ਅਤੇ ਡੈਨਮਾਰਕ ਨੇ ਤੀਜੇ ਸਥਾਨ 'ਤੇ ਰਹਿੰਦਿਆ 21 ਲੱਖ ਰੁਪਏ ਦਾ ਇਨਾਮ ਜਿੱਤਿਆ।
        ਮਲੇਸ਼ੀਆ ਦੀ ਟੀਮ ਵਿਸ਼ਵ ਕੱਪ ਵਿੱਚ ਹੈਰਾਨੀਜਨਕ ਢੰਗ ਨਾਲ ਉਭਰੀ ਪਰ ਇਸ ਟੀਮ ਦੀ ਜੇਤੂ ਲੈਅ ਨੂੰ ਤੋੜਦਿਆਂ ਭਾਰਤ ਨੇ ਵੱਡਾ ਉਲਟ ਫੇਰ ਨਾ ਹੋਣ ਦਿੱਤਾ। 

       ਅੱਧੇ ਸਮੇਂ ਤੱਕ ਭਾਰਤੀ ਟੀਮ 42-6 ਨਾਲ ਅੱਗੇ ਸੀ। ਭਾਰਤ ਦੀਆਂ ਰੇਡਰਾਂ ਵਿੱਚੋਂ ਪ੍ਰਿਅੰਕਾ ਦੇਵੀ ਨੇ 13, ਪ੍ਰਿਅੰਕਾ ਪਿਲਾਨੀ ਤੇ ਸੁਖਵਿੰਦਰ ਕੌਰ ਨੇ 8-8 ਅੰਕ ਬਟੋਰੇ ਜਦੋਂ ਕਿ ਜਾਫੀ ਜਤਿੰਦਰ ਕੌਰ ਨੇ 11 ਤੇ ਅਨੂ ਰਾਣੀ ਨੇ 10 ਜੱਫੇ ਲਾਏ। ਮਲੇਸ਼ੀਆ ਰੇਡਰਾਂ ਵਿੱਚੋਂ ਮਨਪ੍ਰੀਤ ਕੌਰ ਨੇ 4 ਅੰਕ ਲਏ ਜਦੋਂ ਕਿ ਜਾਫੀ ਰੇਖਾ ਨੇ 2 ਜੱਫੇ ਲਾਏ।

No comments:

Post a Comment