ਨੱਕੋ ਨੱਕ ਭਰੇ ਗੁਰੂ ਨਾਨਕ ਸਟੇਡੀਅਮ ਵਿਖੇ ਤਿੰਨ ਘੰਟਿਆਂ
ਤੱਕ ਚਲੇ ਸਮਾਪਤੀ ਸਮਾਰੋਹ ਨੇ ਲੰਡਨ ਉਲੰਪਿਕ ਖੇਡਾਂ ਦੀ ਉਦਘਾਟਨੀ ਰਸਮ ਨੂੰ ਵੀ ਫਿਕਾ ਪਾ ਕੇ ਰੱਖ
ਦਿੱਤਾ। ਸਮਾਰੋਹ ਦੀ ਸ਼ੁਰੂਆਤ ਡੀ.ਜੇ. ਨਿਤਿਨ ਵਲੋਂ ਆਪਣੀ ਗੀਤਾਂ ਦੀ ਵਿਲੱਖਣ ਚੋਣ ਸਦਕਾ ਦਰਸ਼ਕਾਂ
ਨੂੰ ਨੱਚਣ ਲਈ ਮਜ਼ਬੂਰ ਕੀਤੇ ਜਾਣ ਨਾਲ ਹੋਈ। ਦੋ ਰਿਵਾਇਤੀ ਵਿਰੋਧੀਆਂ ਭਾਰਤ ਅਤੇ ਪਾਕਿਸਤਾਨ ਦੇ
ਫਾਈਨਲ ਮੁਕਾਬਲੇ ਨੂੰ ਦੇਖਣ ਲਈ ਪੱਬਾਂ ਭਾਰ ਹੋ ਕੇ ਫਿਰਦੇ ਦਰਸ਼ਕਾਂ ਨੂੰ ਉੱਘੇ ਪੰਜਾਬੀ ਗਾਇਕਾਂ
ਰਾਜਾ ਬਾਠ, ਇੰਦਰਜੀਤ
ਨਿੱਕੂ, ਰਿਮਜ਼
ਜੇ ਅਤੇ ਨਿਸ਼ਾਨ ਭੁੱਲਰ ਨੇ ਵੀ ਆਪਣੇ ਗੀਤਾਂ ਰਾਹੀਂ ਮਨੋਰੰਜਨ ਦੀ ਰੱਜਵੀਂ ਖੁਰਾਕ ਦਿੱਤੀ। ਇਸ
ਮੌਕੇ ਇਕ ਆਡੀਓ-ਵਿਜੁਅਲ ਸ਼ੋਅ ਰਾਹੀਂ ਕਬੱਡੀ ਦੇ ਪਹਿਲੇ ਵਿਸ਼ਵ ਕੱਪ ਤੋਂ ਹੁਣ ਤੱਕ ਦੇ ਸਫਰ ਅਤੇ
ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਅਤੇ ਇਤਿਹਾਸ ਨੂੰ ਪੇਸ਼ ਕੀਤਾ ਗਿਆ।
ਜਿਵੇਂ ਹੀ ਮੁੱਖ ਮਹਿਮਾਨ ਸ. ਪਰਕਾਸ਼ ਸਿੰਘ ਬਾਦਲ, ਮੁੱਖ
ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ, ਉਪ
ਮੁੱਖ ਮੰਤਰੀ ਪੰਜਾਬ ਮੰਚ 'ਤੇ ਪਹੁੰਚੇ ਤਾਂ ਮੰਚ ਸੰਚਾਲਨ ਕਰ ਰਹੀ ਸੰਚਾਲਕਾ ਸਤਿੰਦਰ ਸੱਤੀ ਨੇ
ਸ਼ੋਅ ਦੀ ਸ਼ੁਰੂਆਤ ਦੀ ਪੁੱਠੀ ਗਿਣਤੀ ਸ਼ੁਰੂ ਕੀਤੀ ਅਤੇ ਨਾਲ ਹੀ ਸ਼ੁਰੂ ਹੋ ਗਿਆ ਸ਼ਾਨਦਾਰ ਆਤਿਸ਼ਬਾਜ਼ੀ
ਦਾ ਸਿਲਸਿਲਾ ਅਤੇ ਸਨਅਤੀ ਸ਼ਹਿਰ ਲੁਧਿਆਣਾ ਜਗਮਗ ਹੋ ਉਠਿਆ। ਇਸ ਮੌਕੇ 23 ਨ੍ਰਿਤਕਾਂ
ਨੇ ਆਪਣੇ ਵੱਖਰੇ ਹੀ ਅੰਦਾਜ਼ ਵਿਚ ਅਗਨੀ ਨ੍ਰਿਤ ਕਰਦਿਆਂ ਸਹੀ ਮਾਅਨਿਆਂ 'ਚ ਮੰਚ 'ਤੇ
ਆਪਣੀ ਵਿਲੱਖਣ ਪ੍ਰਤਿਭਾ ਦੇ ਦਰਸ਼ਨ ਕਰਾਏ। ਇਸ ਤੋਂ ਬਾਅਦ ਸਮੁੱਚਾ ਸਟੇਡੀਅਮ ਬੁਲੇਟ ਮੋਟਰਸਾਈਕਲਾਂ
ਦੀ ਗੂੰਜ ਨਾਲ ਗੂੰਜ ਉਠਿਆ ਅਤੇ ਸਟੇਡੀਅਮ ਦੀਆਂ ਵੱਖੋ ਵੱਖ ਦਿਸ਼ਾਵਾਂ ਤੋਂ ਇਨ੍ਹਾਂ ਮੋਟਰਸਾਈਕਲਾਂ 'ਤੇ ਆਏ
ਸਿੱਖ ਨੌਜਵਾਨਾਂ ਨੇ ਆਪਣੇ ਦਲੇਰਾਨਾ ਕਰਤੱਵਾਂ ਨਾਲ ਲੋਕਾਂ ਨੂੰ ਮੂੰਹਾਂ ਵਿਚ ਉਂਗਲੀਆਂ ਪਾਉਣ ਲਈ
ਮਜਬੂਰ ਕਰ ਦਿੱਤਾ।
ਇਸ ਮੌਕੇ ਬੈਕ ਗ੍ਰਾਊਂਡ ਤੋਂ ਆਉਂਦੀ ਆਵਾਜ਼ ਰਾਹੀਂ ਸਿੱਖਾਂ ਦੇ ਉਦਮੀ ਸੁਭਾਅ, ਦਲੇਰੀ
ਅਤੇ ਦੇਸ਼ ਪਿਆਰ ਬਾਰੇ ਚਾਨਣਾ ਪਾਇਆ ਗਿਆ। ਇਸ ਤੋਂ ਬਾਅਦ ਪ੍ਰਸਿੱਧ ਗਾਇਕ ਸੁਖਵਿੰਦਰ ਅਤੇ ਦਿਲਜੀਤ
ਦੋਸਾਂਝ ਨੇ ਆਪਣੇ ਚੋਣਵੇਂ ਗੀਤਾਂ ਰਾਹੀਂ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਜਿਵੇਂ ਹੀ
ਪੰਜਾਬ ਦੇ ਸਿਰਮੌਰ ਕਵੀ ਡਾ. ਸੁਰਜੀਤ ਪਾਤਰ ਨੇ ਆਪਣਾ ਪ੍ਰਸਿੱਧ ਗੀਤ ''ਕੇਵਾ
ਸਤਲੁਜ ਦਾ ਪਾਣੀ'' ਗੁਣਗੁਣਾਉਣਾ ਸ਼ੁਰੂ ਕੀਤਾ ਤਾਂ ਵੱਡੀ ਸਕਰੀਨ 'ਤੇ
ਬਰਤਾਨਵੀ ਰਾਜਕਾਲ ਦੌਰਾਨ ਦੇ ਪੰਜਾਬ ਪ੍ਰਾਂਤ ਨੂੰ ਦਿਖਾਉਂਦਿਆਂ ਭਾਰਤ ਅਤੇ ਪਾਕਿਸਤਾਨ ਦੀ ਡੂੰਘੀ
ਸਾਂਝ ਦੀ ਬਾਤ ਪਾਈ ਗਈ।
ਇਸ ਤੋਂ ਬਾਅਦ ਵਾਰੀ ਆਈ ਪ੍ਰਸਿੱਧ ਪਾਕਿ ਹਾਸਰਸ ਕਲਾਕਾਰਾਂ
ਇਰਫਾਨ ਅਤੇ ਹਸਨ ਮਲਿਕ ਦੀ ਜਿੰਨ੍ਹਾਂ ਆਪਣੇ ਵੱਖਰੇ ਹੀ ਅੰਦਾਜ਼ ਵਿਚ ਲੋਕਾਂ ਦੇ ਢਿੱਡੀਂ ਪੀੜਾਂ ਪਾ
ਦਿੱਤੀਆਂ। ਇਸ ਤੋਂ ਬਾਅਦ ਜਦੋਂ ਪ੍ਰਸਿੱਧ ਅਦਾਕਾਰਾ ਕੈਟਰੀਨਾ ਕੈਫ ਨੇ ਨਵੇਕਲੇ ਲੇਜ਼ਰ ਬੀਮ ਸ਼ੋਅ
ਦੌਰਾਨ ਆਪਣੀਆਂ ਵਿਲੱਖਣ ਅਦਾਵਾਂ ਅਤੇ ਨ੍ਰਿਤ ਪ੍ਰਤਿਭਾ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ
ਅਤੇ ਕਬੱਡੀ ਦਾ ਜਨੂੰਨ ਲੋਕਾਂ ਦੇ ਸਿਰ ਚੱੜ ਕੇ ਬੋਲਿਆ। ਜਿਵੇਂ ਹੀ ਸੁਖਵਿੰਦਰ ਨੇ ਆਪਣਾ ਪ੍ਰਸਿੱਧ
ਗੀਤ ''ਜੈ ਹੋ'' ਦੀ ਤਾਨ
ਛੇੜੀ ਤਾਂ ਇਹ ਭਾਰਤ ਜਾਂ ਪਾਕਿਸਤਾਨ ਦੀ ਜਿੱਤ ਨਾ ਹੋਕੇ ਬਲਕਿ ਕਬੱਡੀ ਦੀ ਖੇਡ ਦੀ ਜਿੱਤ ਹੋਈ ਜਿਸ
ਦੇ ਤੀਸਰੇ ਵਿਸ਼ਵ ਕੱਪ ਵਿਚ 6.29 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਲਈ 17 ਦੇਸ਼ਾਂ
ਦੀਆਂ 25 ਟੀਮਾਂ
ਨੇ ਪੁਰਸ਼ਾਂ ਅਤੇ ਔਰਤਾਂ ਦੇ ਵਰਗ ਵਿਚ ਜ਼ਬਰਦਸਤ ਮੈਚ ਖੇਡੇ।
No comments:
Post a Comment