Sunday 16 December 2012

ਤੀਸਰਾ ਵਿਸ਼ਵ ਕੱਪ ਕਬੱਡੀ 2012-ਭਾਰਤ ਬਣਿਆ ਕਬੱਡੀ ਦਾ ਵਿਸ਼ਵ ਚੈਂਪੀਅਨ


•      ਫਾਈਨਲ ਵਿੱਚ ਪਾਕਿਸਤਾਨ ਨੂੰ 59-22 ਨਾਲ ਹਰਾ ਕੇ ਜੜੀ ਖਿਤਾਬੀ ਹੈਟ੍ਰਿਕ

•      ਭਾਰਤ ਨੇ 2 ਕਰੋੜ, ਪਾਕਿਸਤਾਨ ਨੇ 1 ਕਰੋੜ ਤੇ ਕੈਨੇਡਾ ਨੇ 51 ਲੱਖ ਦੀ ਇਨਾਮੀ ਰਾਸ਼ੀ ਜਿੱਤੀ
•      ਸੁਖਬੀਰ ਸਿੰਘ ਬਾਦਲ ਵੱਲੋਂ ਅਗਲੇ ਸਾਲ ਮਹਿਲਾ ਵਰਗ ਦੀ ਇਨਾਮੀ ਰਾਸ਼ੀ 1 ਕਰੋੜ ਰੁਪਏ ਕਰਨ ਦਾ ਐਲਾਨ
ਲੁਧਿਆਣਾ, 15 ਦਸੰਬਰ - ਭਾਰਤ ਦੀ ਕਬੱਡੀ ਟੀਮ ਨੇ ਇਤਿਹਾਸ ਸਿਰਜਦਿਆਂ ਤੀਸਰੇ ਵਿਸ਼ਵ ਕੱਪ ਕਬੱਡੀ 2012 ਦੇ ਫਾਈਨਲ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 59-22 ਨਾਲ ਹਰਾ ਕੇ ਕਬੱਡੀ ਦੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਸਾਹਮਣੇ ਭਾਰਤ ਨੇ ਲਗਾਤਾਰ ਤੀਸਰੇ ਸਾਲ ਕਬੱਡੀ ਵਿਸ਼ਵ ਕੱਪ ਜਿੱਤਦਿਆਂ ਖਿਤਾਬੀ ਹੈਟ੍ਰਿਕ ਜੜੀ। ਭਾਰਤ ਨੇ ਪਹਿਲੇ ਸਥਾਨ ਨਾਲ 2 ਕਰੋੜ ਦਾ ਇਨਾਮ ਜਿੱਤਿਆ ਜਦੋਂ ਕਿ ਉਪ ਜੇਤੂ ਪਾਕਿਸਤਾਨ ਨੇ 1 ਕਰੋੜ ਰੁਪਏ ਅਤੇ ਤੀਸਰੇ ਸਥਾਨ 'ਤੇ ਆਈ ਕੈਨੇਡਾ ਦੀ ਟੀਮ ਨੇ 51 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ।

     ਮੁੱਖ ਮੰਤਰੀ ਸ. ਪਰਕਾਸ਼ ਸਿੰਘ ਸਿੰਘ ਬਾਦਲ ਨੇ ਜੇਤੂ ਟੀਮਾਂ ਜੇਤੂ ਰਾਸ਼ੀ ਦੇ ਚੈਕ ਤੇ ਟਰਾਫੀਆਂ ਅਤੇ ਖਿਡਾਰੀਆਂ ਨੂੰ ਤਮਗੇ ਦਿੱਤੇ। ਇਸ ਤੋਂ ਪਹਿਲਾਂ ਸ. ਬਾਦਲ ਨੇ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਫਾਈਨਲ ਦਾ ਰਸਮੀ ਆਗਾਜ਼ ਕੀਤਾ। ਇਸ ਮੌਕੇ ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਡਿਪਟੀ ਸਪੀਕਰ ਸ੍ਰੀ ਰਾਣਾ ਮਸੂਦ ਅਹਿਮਦ, ਲਹਿੰਦੇ ਪੰਜਾਬ ਦੇ ਕਾਨੂੰਨ ਮੰਤਰੀ ਸ੍ਰੀ ਰਾਣਾ ਸਨਾਉੱਲਾ, ਪਾਕਿਸਤਾਨ ਦੇ ਸੰਸਦ ਮੈਂਬਰ ਸ੍ਰੀ ਸਰਦਾਰ ਮਲਿਕ, ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਇੰਜਨੀਅਰ ਕੁਰਮ ਦਸਤਗੀਰ ਤੇ ਪਾਕਿਸਤਾਨ ਦੇ ਸੈਨੇਟਰ ਸ੍ਰੀ ਕਰਮਾ ਮਾਈਕਲ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ।
    ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ 'ਤੇ ਮੁੱਢ ਤੋਂ ਹੀ ਦਬਾਅ ਬਣਾ ਲਿਆ। ਭਾਰਤ ਦੇ ਜਾਫੀ ਏਕਮ ਹਠੂਰ ਨੇ ਪਾਕਿਸਤਾਨ ਦੀਆਂ ਪਹਿਲੀਆਂ ਦੋਵੇਂ ਰੇਡਾਂ 'ਤੇ ਸਟਾਰ ਰੇਡਰਾਂ ਲਾਲਾ ਉਬੈਦਉੱਲਾ ਤੇ ਸਦੀਕ ਬੱਟ ਨੂੰ ਜੱਫੇ ਲਗਾ ਕੇ ਭਾਰਤ ਨੂੰ ਅਜਿਹੀ ਲੀਡ ਦਿਵਾਈ ਕਿ ਮੈਚ ਇਕਪਾਸੜ ਕਰ ਦਿੱਤਾ।
     ਭਾਰਤ ਨੇ ਪਾਕਿਸਤਾਨ ਨੂੰ 59-22 ਵੱਡੇ ਫਰਕ ਨਾਲ ਹਰਾਇਆ। ਭਾਰਤੀ ਟੀਮ ਅੱਧੇ ਸਮੇਂ ਤੱਕ 33-9 ਨਾਲ ਅੱਗੇ ਸੀ। ਭਾਰਤ ਦੇ ਰੇਡਰਾਂ ਅਤੇ ਜਾਫੀਆਂ ਦੋਵਾਂ ਨੇ ਹੀ ਬੇਮਿਸਾਲ ਖੇਡ ਦਿਖਾਉਂਦਿਆ ਖਿਤਾਬ 'ਤੇ ਕਬਜ਼ਾ ਕਾਇਮ ਰੱਖਿਆ। ਭਾਰਤ ਦੇ ਰੇਡਰਾਂ ਵਿੱਚੋਂ ਗਗਨਦੀਪ ਸਿੰਘ ਗੱਗੀ ਖੀਰਾਂਵਾਲੀ ਨੇ 10, ਗੁਰਲਾਲ ਘਨੌਰ ਤੇ ਮਨਮਿੰਦਰ ਸਿੰਘ ਸਰਾ ਨੇ 8-8 ਅਤੇ ਸੁਖਬੀਰ ਸਿੰਘ ਸਰਾਵਾਂ ਨੇ 7 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਏਕਮ ਹਠੂਰ ਨੇ 10, ਬਲਬੀਰ ਸਿੰਘ ਪਾਲਾ ਨੇ 7 ਤੇ ਗੁਰਵਿੰਦਰ ਸਿੰਘ ਕਾਹਲਮਾ ਨੇ 4 ਜੱਫੇ ਲਾਏ। ਪਾਕਿਸਤਾਨ ਤਰਫੋਂ ਰੇਡਰ ਸਫੀਕ ਬੱਟ ਨੇ 5 ਤੇ ਮੁਹੰਮਦ ਇਰਮਾਨ ਨੇ 3 ਅੰਕ ਲਏ ਅਤੇ ਜਾਫੀ ਸੁਜਾਦ ਗੁੱਜਰ ਨੇ 5 ਜੱਫੇ ਲਾਏ।
      ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਮਹਿਲਾ ਵਰਗ ਦੀ ਇਨਾਮੀ ਰਾਸ਼ੀ ਅਗਲੇ ਸਾਲ ਤੋਂ 51 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰਨ ਦਾ ਐਲਾਨ ਕੀਤਾ।
   ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਸੰਸਦ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਮਿਸ ਰੂਬੀ ਢੱਲਾ ਤੇ ਖੇਡਾਂ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਆਦਿ ਹਾਜ਼ਰ ਸਨ।

ਸਰਵੋਤਮ ਰੇਡਰ ਤੇ ਜਾਫੀ ਨੂੰ ਮਿਲੇ ਟਰੈਕਟਰ ਤੇ ਮੋਟਰ ਸਾਈਕਲ - 

ਪੁਰਸ਼ ਵਰਗ ਵਿੱਚ ਭਾਰਤ ਦਾ ਗਗਨਦੀਪ ਸਿੰਘ ਗੱਗੀ ਖੀਰਾਂਵਾਲੀ ਸਰਵੋਤਮ ਰੇਡਰ ਜਦੋਂ ਕਿ ਏਕਮ ਹਠੂਰ ਸਰਵੋਤਮ ਜਾਫੀ ਬਣਿਆ। ਦੋਵਾਂ ਨੂੰ ਇਕ-ਇਕ ਪ੍ਰੀਤ ਟਰੈਕਟਰ ਨਾਲ ਸਨਮਾਨਿਆ ਗਿਆ ਜਦੋਂ ਕਿ ਮਹਿਲਾ ਵਰਗ ਵਿੱਚ ਵੀ ਪਹਿਲੀ ਵਾਰ ਸਰਵੋਤਮ ਰੇਡਰ ਤੇ ਜਾਫੀ ਐਲਾਨੇ ਗਏ। ਭਾਰਤ ਦੀ ਪ੍ਰਿਅੰਕਾ ਦੇਵੀ ਨੇ ਸਰਵੋਤਮ ਰੇਡਰ ਅਤੇ ਜਤਿੰਦਰ ਕੌਰ ਨੇ ਸਰਵੋਤਮ ਜਾਫੀ ਬਣਦਿਆਂ 55-55 ਹਜ਼ਾਰ ਦੀ ਲਾਗਤ ਵਾਲੇ ਹੌਂਡਾ ਮੋਟਰ ਸਾਈਕਲ ਜਿੱਤੇ। ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਭਾਰਤ ਦੀ ਜਾਫੀ ਅਨੂ ਰਾਣੀ ਦਾ 55 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਵੀ ਸਨਮਾਨ ਕੀਤਾ ਸੀ।

ਵੱਖ-ਵੱਖ ਖੇਡਾਂ ਦੇ ਓਲੰਪੀਅਨਾਂ ਦਾ ਕੀਤਾ ਵਿਸ਼ੇਸ਼ ਸਨਮਾਨ - 

ਕਬੱਡੀ ਵਿਸ਼ਵ ਕੱਪ ਦੇ ਪੁਰਸ਼ ਵਰਗ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਫਾਈਨਲ ਤੋਂ ਪਹਿਲਾਂ ਵੱਖ-ਵੱਖ ਖੇਡਾਂ ਦੇ ਓਲੰਪੀਅਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਸਟੇਜ ਉਪਰ ਬਲਜੀਤ ਸਿੰਘ ਢਿੱਲੋਂ, ਵਰਿੰਦਰ ਸਿੰਘ, ਦਵਿੰਦਰ ਸਿੰਘ ਗਰਚਾ ਤੇ ਸੰਜੀਵ ਕੁਮਾਰ (ਚਾਰੇ ਹਾਕੀ ਓਲੰਪੀਅਨ), ਬ੍ਰਿਗੇਡੀਅਰ ਲਾਭ ਸਿੰਘ ਤੇ ਮਨਜੀਤ ਕੌਰ (ਓਲੰਪੀਅਨ ਅਥਲੀਟ), ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਚੀਮਾ ਤੇ ਅਰਜੁਨਾ ਐਵਾਰਡੀ ਬਲਵਿੰਦਰ ਸਿੰਘ ਫਿੱਡਾ ਦਾ ਸਨਮਾਨ ਕੀਤਾ।

No comments:

Post a Comment