Sunday, 7 October 2012

ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਦੀ ਸ਼ੀਲਾ ਦੀਕਸ਼ਿਤ ਸਰਕਾਰ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ ਨੂੰ ਮੁਆਫ ਕਰਨ ਦੀ ਸਿਫਾਰਸ਼ ਦੀ ਜ਼ੋਰਦਾਰ ਨਿਖੇਧੀ

ਚੰਡੀਗੜ੍ਹ 5 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਦੀ ਦਿੱਲੀ ਦੀ ਸ਼ੀਲਾ ਦੀਕਸ਼ਿਤ ਸਰਕਾਰ ਵੱਲੋਂ 1984 ਦੇ ਸਿੱਖ ਕਤਲੇਆਮ ਦੌਰਾਨ 7 ਮਾਸੂਮ ਤੇ ਨਿਰਦੋਸ਼ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਠਹਿਰਾਏ ਕਿਸ਼ੋਰੀ ਲਾਲ ਨੂੰ ਮੁਆਫੀ ਦੇਣ ਦੀ ਕੀਤੀ ਸਿਫਾਰਸ਼ 'ਤੇ ਰੋਸ ਅਤੇ ਹੈਰਾਨੀ ਪ੍ਰਗਟ ਕੀਤੀ ਹੈ ਅਤੇ ਆਖਿਆ ਹੈ ਕਿ ਇਸ ਕਾਰਵਾਈ ਨਾਲ ਇਕ ਵਾਰ ਫਿਰ ਤੋਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ।
         ਇਥੇ ਦੱਸਣਯੋਗ ਹੈ ਕਿ ਕਿਸ਼ੋਰੀ ਲਾਲ ਨੂੰ ਉਪਰੋਕਤ ਕੇਸਾਂ ਵਿਚ ਫਾਂਸੀ ਦੀ ਤਿੰਨ ਵਾਰ ਸਜ਼ਾ ਸੁਣਾਈ ਗਈ ਸੀ ਤੇ ਸੁਪਰੀਮ ਕੋਰਟ ਨੇ ਤਿੰਨਾਂ ਹੀ ਕੇਸਾਂ ਵਿਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਸੀ। ਸ਼ੀਲਾ ਦੀਕਸ਼ਿਤ ਸਰਕਾਰ ਨੇ ਪਹਿਲਾਂ ਇਕ ਕੇਸ ਵਿਚ ਉਮਰ ਕੈਦ ਦੀ ਸਜ਼ਾ ਮੁਆਫ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਉਸਨੂੰ ਬਾਕੀ ਦੋ ਸਜ਼ਾਵਾਂ ਕਾਰਨ ਰਿਹਾਅ ਨਹੀਂ ਸੀ ਕੀਤਾ ਜਾ ਸਕਿਆ। ਇਸ ਵਾਰ ਕਾਂਗਰਸ ਸਰਕਾਰ ਨੇ ਸਭ ਹੱਦ ਬੰਨੇ ਪਾਰ ਕੇ ਬਾਕੀ ਦੇ ਦੋ ਕੇਸਾਂ ਵਿਚ ਵੀ ਉਸਦੀ ਸਜ਼ਾ ਮੁਆਫ ਕਰਨ ਦੀ ਸਿਫਾਰਸ਼ ਦਿੱਲੀ ਦੇ ਲੈਫ. ਗਵਰਨਰ ਨੂੰ ਕੀਤੀ ਹੈ।
         ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ 1984 ਵਿਚ ਸਾਰੀ ਦੁਨੀਆਂ ਨੂੰ ਹਿਲਾ ਦੇਣ ਵਾਲੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਰਹਿੰਦੇ ਕੇਸਾਂ ਦੀ ਪੈਰਵੀ ਕਰਨ ਦੀ ਥਾਂ ਉਹਨਾਂ ਦੋਸ਼ੀਆਂ ਨੂੰ ਰਿਹਾਅ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ ਜਿਹਨਾਂ ਨੂੰ ਅਦਾਲਤਾਂ ਨੇ ਦੋਸ਼ੀ ਠਹਿਰਾਇਆ ਹੈ। ਉਹਨਾਂ ਕਿਹਾ ਕਿ ਇਸ ਨਾਲ ਅਜਿਹੇ ਘਨੌਣੇ ਅਪਰਾਧ ਕਰਨ ਵਾਲਿਆਂ ਤੇ ਕਾਂਗਰਸ ਪਾਰਟੀ ਦਰਮਿਆਨ ਗੰਢਤੁਪ ਇਕ ਵਾਰ ਫਿਰ ਤੋਂ ਉਜਾਗਰ ਹੋਈ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਕਾਂਗਰਸ ਸਰਕਾਰ ਦੇ ਇਸ ਬੇਸ਼ਰਮੀ ਭਰੇ ਫੈਸਲੇ ਨਾਲ ਬਿੱਲੀ ਥੈਲਿਓਂ ਬਾਹਰ ਆ ਗਈ ਹੈ।
         ਡਾ. ਚੀਮਾ ਨੇ ਹੋਰ ਕਿਹਾ ਕਿ ਇਹ ਸਿਫਾਰਸ਼ ਉਸ ਵੇਲੇ ਕੀਤੀ ਗਈ ਹੈ ਜਦੋਂ ਸਾਰਾ ਦੇਸ਼ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਉਹਨਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤ ਜਾਣ ਦੀ ਮੰਗ ਕਰ ਰਿਹਾ ਹੈ ਜਿਹਨਾਂ ਨੇ 1984 ਵਿਚ ਮਾਸੂਮ ਤੇ ਨਿਰਦੋਸ਼ ਸਿੱਖਾਂ ਅਤੇ ਉਹਨਾਂ ਦੇ ਬੱਚਿਆਂ ਦਾ ਕਤਲੇਆਮ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਬਹੁਤ ਹੀ ਗੈਰ ਜ਼ਿੰਮੇਵਾਰਾਨਾ, ਗੈਰ ਕਾਨੂੰਨੀ, ਗੈਰ ਸੰਵਿਧਾਨਕ ਅਤੇ ਬੇਸ਼ਰਮੀ ਭਰੇ ਰਵੱਈਏ ਨਾਲ ਕੰਮ ਕਰ ਰਹੀ ਹੈ।
         ਉਹਨਾਂ ਹੋਰ ਕਿਹਾ ਕਿ ਦਿੱਲੀ ਸਰਕਾਰ ਦੇ ਇਸ ਕਦਮ ਨੇ ਸਾਰੇ ਦੇਸ਼ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ ਤੇ ਸਹੀ ਸੋਚ ਦੇ  ਮਾਲਕ ਲੋਕਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਇਸ ਫੈਸਲੇ ਪਿੱਛੇ ਤਰਕ ਸਮਝ ਨਹੀਂ ਆ ਰਿਹਾ।
         ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਲੈਫ. ਗਵਰਨਰ ਨੂੰ ਅਪੀਲ ਕੀਤੀ ਕਿ ਉਹ ਸ਼ੀਲਾ ਦੀਕਸ਼ਿਤ ਸਰਕਾਰ ਦੀ ਸਿਫਾਰਸ਼ ਨੂੰ ਤੁਰੰਤ ਰੱਦ ਕਰ ਦੇਣ ਅਤੇ ਦੋਸ਼ੀਆਂ ਦਾ ਮਾਣਯੋਗ ਅਦਾਲਤਾਂ ਵੱਲੋਂ ਦਿੱਤੀ ਸਜ਼ਾ ਦੇ ਅਖੀਰਲੇ ਦਿਨ ਤੱਕ ਜੇਲ੍ਹ ਵਿਚ ਡੱਕੇ ਰਹਿਣਾ ਯਕੀਨੀ ਬਣਾਉਣ।

No comments:

Post a Comment