Monday, 29 October 2012

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਐਮ ਪੀਜ਼ ਬਾਰੇ ਕਰਵਾਏ ਸਰਵੇਖਣ ਤੋਂ ਪੈਰ ਪਿੱਛੇ ਖਿਚਣ ਦਾ ਮਜ਼ਾਕ ਉਡਾਇਆ


  • ਸਰਵੇ ਦੇ ਨਤੀਜਿਆਂ ਤੋਂ ਕਾਂਗਰਸ ਘਬਰਾਈ : ਐਨ ਕੇ ਸ਼ਰਮਾ

    ਚੰਡੀਗੜ੍ਹ, 29 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿਚਲੇ ਕਾਂਗਰਸੀ ਸੰਸਦ ਮੈਂਬਰਾਂ ਬਾਰੇ ਕਰਵਾਏ ਗਏ ਸਰਵੇਖਣ ਤੋਂ ਪੈਰ ਪਿੱਛੇ ਖਿੱਚਣ ਦੇ ਬਿਆਨ ਦਾ ਮਜ਼ਾਕ ਉਡਾਉਂਦਿਆਂ ਆਖਿਆ ਕਿ ਕਾਂਗਰਸ ਦਾ ਹਾਲ ਉਸ ਕਬੂਤਰ ਵਰਗਾ ਹੈ ਜੋ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ ਕਿ ਬਿੱਲੀ ਨਹੀਂ ਆਈ ਅਤੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਮੁਕੰਮਲ ਸਫਾਇਆ ਤੈਅ ਹੈ।  
       ਪ੍ਰਦੇਸ਼ ਕਾਂਗਰਸ ਮੁਖੀ ਦੇ ਬਿਆਨ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਖ਼ਜਾਨਚੀ ਤੇ ਸੰਯੁਕਤ ਸਕੱਤਰ ਸ੍ਰੀ ਐਨ ਕੇ ਸ਼ਰਮਾ ਨੇ ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਬਿਆਨ ਵਿਚ ਆਖਿਆ ਕਿ ਪਹਿਲਾਂ ਹੀ ਮਾਯੂਸੀ ਦੇ ਦੌਰ ਵਿਚੋਂ ਲੰਘ ਰਹੀ ਕਾਂਗਰਸ ਪਾਰਟੀ ਸਰਵੇਖਣ ਜਨਤਕ ਤੌਰ 'ਤੇ ਨਸ਼ਰ ਹੋਣ ਤੋਂ ਘਬਰਾ ਗਈ ਹੈ ਤੇ 10 ਜਨਪਥ ਤੋਂ ਝਾੜ ਪੈਣ ਮਗਰੋਂ ਪੰਜਾਬ ਕਾਂਗਰਸ ਨੂੰ ਸਰਵੇਖਣ ਦਾ ਖੰਡਨ ਕਰਨਾ ਪਿਆ ਹੈ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਮਹਿਸੂਸ ਕਰ ਰਹੀ ਹੈ ਕਿ ਸਰਵੇਖਣ ਦੀ ਰਿਪੋਰਟ  ਕਾਂਗਰਸ ਪਾਰਟੀ ਦੇ ਤਾਬੂਤ ਲਈ ਆਖਰੀ ਕਿੱਲ ਸਾਬਤ ਹੋ ਸਕਦੀ ਹੈ ਜਿਸਦਾ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ 'ਤੇ ਮਾੜਾ ਅਸਰ ਪੈਣ ਦੇ ਨਾਲ ਨਾਲ ਦਿੱਲੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਅਸਰ ਪੈ ਸਕਦਾ ਹੈ। ਉਹਨਾਂ ਕਿਹਾ ਕਿ ਸਰਵੇਖਣ ਨੇ ਪੰਜਾਬ ਕਾਂਗਰਸ ਦੇ ਅਸਲ ਆਧਾਰ ਨੂੰ ਵੀ ਸਪਸ਼ਟ ਕਰ ਦਿੱਤਾ ਹੈ ਜਿਸਨੂੰ ਸ੍ਰ ਸੁਖਬੀਰ ਸਿੰਘ ਬਾਦਲ ਦੇ ਵਿਕਾਸ ਏਜੰਡੇ ਦੀ ਬਦੌਲਤ ਵੱਡਾ ਖੋਰ੍ਹਾ ਲੱਗਾ ਹੈ।
       ਅਕਾਲੀ ਆਗੂ ਨੇ ਆਖਿਆ ਕਿ ਸਰਵੇਖਣ ਨੇ ਪੰਜਾਬ ਦੇ ਵੋਟਰਾਂ ਦੀ ਭਾਵਨਾ ਵੀ ਸਹੀ ਸਾਬਤ ਕਰ ਦਿੱਤੀ ਹੈ ਕਿ ਲੋਕ ਸਭਾ ਵਿਚ ਪੰਜਾਬ ਕਾਂਗਰਸ ਦੇ ਐਮ ਪੀਜ਼ ਨੇ ਕੋਈ ਕਾਰਗੁਜ਼ਾਰੀ ਨਹੀਂ
ਵਿਖਾਈ ਤੇ ਇਹ ਸੰਸਦ ਮੈਂਬਰ ਪੰਜਾਬ ਨਾਲ ਸੋਕਾ ਰਾਹਤ, ਕਿਸਾਨਾਂ ਦੀ ਕਰਜ਼ਾ ਮੁਆਫੀ ਤੇ ਹੋਰ ਅਹਿਮ ਮਾਮਲਿਆਂ ਵਿਚ ਹੁੰਦੇ ਵਿਤਕਰੇ ਦੀ ਗੱਲ ਵੀ ਚੁੱਕਣ ਵਿਚ ਨਾਕਾਮ ਰਹੇ ਹਨ। ਉਹਨਾਂ ਆਖਿਆ ਕਿ ਸਰਵੇਖਣ ਉਹਨਾਂ ਕਾਂਗਰਸੀ ਸੰਸਦ ਮੈਂਬਰਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ ਜੋ ਆਪਣੀ ਯੂ ਪੀ ਏ ਸਰਕਾਰ ਤੋਂ ਇਕ ਵੀ ਪ੍ਰਾਜੈਕਟ ਪੰਜਾਬ ਲਈ ਨਹੀਂ ਲਿਆ ਸਕੇ ਬਲਕਿ ਉਹ ਪਹਿਲਾਂ ਤੋਂ ਮਨਜ਼ੂਰ ਹੋਏ ਪ੍ਰਾਜੈਕਟਾਂ ਲਈ ਧਨਰਾਸ਼ੀ ਰਿਲੀਜ਼ ਕਰਨ ਦੇ ਰਾਹ ਵਿਚ ਰੁਕਾਵਟਾਂ ਪਾਉਂਦੇ ਰਹੇ।
       ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਗਠਜੋੜ ਵੱਲੋਂ ਹੂੰਝਾਫੇਰ ਜਿੱਤ ਹਾਸਲ ਕਰਨਦੀ ਪੇਸ਼ੀਨਗੋਈ ਕਰਦਿਆਂ ਸ੍ਰੀ ਸ਼ਰਮਾ ਨੇ ਆਖਿਆ ਕਿ ਪੰਜਾਬ ਇਸ ਵਾਰ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਕੋਈ ਵੀ ਸੀਟ ਨਾ ਦੇ ਕੇ ਇਤਿਹਾਸ ਸਿਰਜਣ ਜਾ ਰਿਹਾ ਹੈ।

No comments:

Post a Comment