- ਮਲੇਰਕੋਟਲਾ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦੀ ਯੋਜਨਾ
- ਮੁੱਖ ਮੰਤਰੀ ਨੇ ਮੁਸਲਿਮ ਭਾਈਚਾਰੇ ਨਾਲ ਈਦ-ਉਲ-ਜ਼ੁਹਾ ਦੀ ਖ਼ੁਸ਼ੀ ਸਾਂਝੀ ਕੀਤੀ
ਮਲੇਰਕੋਟਲਾ (ਸੰਗਰੂਰ), 27 ਅਕਤੂਬਰ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਮਲੇਰਕੋਟਲਾ ਨੂੰ
ਛੋਟੀ ਸਨਅਤ ਦੇ ਮੁੱਖ ਕੇਂਦਰ ਵਜੋਂ ਵਿਕਸਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ਯੋਜਨਾ ਬਣਾਈ
ਜਾ ਰਹੀ ਹੈ।
ਈਦ-ਉਲ-ਜ਼ੁਹਾ
(ਬਕਰੀਦ) ਮੌਕੇ ਸਥਾਨਕ ਈਦ ਗਾਹ ਵਿਖੇ ਮੁਸਲਿਮ ਭਾਈਚਾਰੇ ਨਾਲ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ
ਸ. ਬਾਦਲ ਨੇ ਕਿਹਾ ਕਿ
ਮਲੇਰਕੋਟਲਾ ਵਿਖੇ ਛੋਟੀ ਸਨਿਅਤ ਨੂੰ ਪ੍ਰਫੁਲਤ ਕਰਨ ਦੀਆਂ ਅਪਾਰ
ਸੰਭਾਵਨਾਵਾਂ ਹਨ ਇਸ ਲਈ ਰਾਜ ਸਰਕਾਰ ਵੱਲੋਂ ਇਸ ਦਿਸ਼ਾ ਵਿਚ ਅਹਿਮ ਕਦਮ ਪੁੱਟੇ ਜਾ ਰਹੇ ਹਨ। ਉਨ੍ਹਾਂ
ਕਿਹਾ ਕਿ ਇਸ ਇਤਹਾਸਕ ਸ਼ਹਿਰ ਨੂੰ ਵਿਕਸਤ ਕਰਨ ਲਈ ਇਥੇ ਸਨਅਤ ਦਾ ਵਿਕਾਸ ਕਰਨਾ ਸਮੇਂ ਦੀ ਵੱਡੀ ਲੋੜ
ਹੈ ਜਿਸ ਲਈ ਸਰਕਾਰ ਨੂੰ ਲੋਕਾਂ ਤੋਂ ਵੀ ਸਹਿਯੋਗ ਚਾਹੀਦਾ ਹੈ। ਸ. ਬਾਦਲ ਨੇ ਇਲਾਕੇ ਦੇ ਸਿਆਸੀ
ਆਗੂਆਂ ਤੇ ਅਧਿਕਾਰੀਆਂ ਨੂੰ ਸ਼ਹਿਰ ਵਿਚ ਅਤੇ ਇਸ ਦੇ ਆਲੇ-ਦੁਆਲੇ ਢੁਕਵੀਂ ਜਗ੍ਹਾ ਤਲਾਸ਼ਣ ਲਈ ਕਿਹਾ
ਹੈ ਤਾਂ ਕਿ ਉਥੇ ਛੋਟੀ ਸਨਅਤ ਸਥਾਪਤ ਕਰਕੇ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਹੁਲਾਰਾ ਦਿੱਤਾ ਜਾ
ਸਕੇ। ਉਨ੍ਹਾ ਕਿਹਾ ਕਿ ਇਸ ਸ਼ਹਿਰ ਨੂੰ ਛੋਟੀ ਸਨਅਤ ਦੇ ਕੇਂਦਰ ਵਜੋਂ ਸਥਾਪਤ ਕਰਨ ਲਈ ਰਾਜ ਸਰਕਾਰ
ਹਰ ਸੰਭਵ ਸਹਾਇਤਾ ਦੇਵੇਗੀ।
ਸ.
ਬਾਦਲ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਬੇਮਿਸਾਲ ਮੁਢਲੇ ਢਾਚੇ, ਸ਼ਾਂਤ ਸਨਅਤੀ ਮਾਹੌਲ ਅਤੇ
ਹੁਨਰਮੰਦ ਮਿਹਨਤਕਸ਼ ਲੋਕਾਂ ਦੇ ਮੇਲ ਸਦਕਾ ਪੰਜਾਬ ਦੇਸ਼ ਭਰ ਵਿੱਚ ਨਵੇਸ਼ ਕਰਨ ਲਈ ਨੰਬਰ ਇਕ ਸੂਬੇ
ਵਜੋਂ ਉੱਭਰਿਆ ਹੈ। ਸ. ਬਾਦਲ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਜੋ ਕਿ ਮੁਢਲੇ ਢਾਂਚੇ ਦੇ ਵਿਕਾਸ
ਲਈ ਵੀ ਦੇਸ਼ ਭਰ ਵਿਚੋਂ ਨੰਬਰ ਇੱਕ ਸੂਬਾ ਐਲਾਨਿਆ ਗਿਆ ਹੈ, ਵਿਚ ਭਾਈਚਾਰਕ ਸਾਂਝ ਵਾਲਾ ਮਾਹੌਲ ਹੋਣ
ਕਾਰਨ ਵੀ ਇਥੇ ਸਨਅਤੀ ਵਿਕਾਸ ਦੇ ਆਪਾਰ ਮੌਕੇ ਹਨ ਅਤੇ ਜਿਸ ਦਾ ਫਾਇਦਾ ਮਲੇਰਕੋਟਲਾ ਨੂੰ ਵੀ
ਉਠਾਉਣਾ ਚਾਹੀਦਾ ਹੈ।
ਮੁਸਲਿਮ
ਭਾਈਚਾਰੇ ਨੂੰ ਈਦ-ਉਲ-ਜ਼ੁਹਾ ਦੀ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਮਲੇਰਕੋਟਲਾ ਦੇ
ਨਿਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਮਹੱਈਆ ਕਰਨ ਦੇ ਨਾਲ-ਨਾਲ ਸਰਕਾਰ ਸ਼ਹਿਰ ਦੇ ਸਮੁੱਚੇ ਵਿਕਾਸ ਲਈ
ਵੀ ਵਚਨਬੱਧ ਹੈ। ਸ. ਬਾਦਲ ਨੇ ਕਿਹਾ ਇਸ ਸ਼ਹਿਰ ਨੇ ਹਮੇਸ਼ਾਂ ਦੁਨੀਆ ਸਾਹਮਣੇ ਭਾਈਚਾਰਕ ਸਾਂਝ ਅਤੇ
ਸ਼ਾਂਤੀ ਦੀ ਉਦਾਹਰਣ ਪੇਸ਼ ਕੀਤੀ ਹੈ ਜਿਸ ਦੇ ਚੱਲਦਿਆਂ ਸਰਕਾਰ ਲਈ ਵੀ ਨੈਤਿਕ ਬੰਦਿਸ਼ ਹੈ ਕਿ ਉਹ ਇਸ
ਸ਼ਹਿਰ ਦਾ ਪਹਿਲ ਦੇ ਆਧਾਰ ‘ਤੇ ਵਿਕਾਸ ਕਰੇ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਨੂੰ ਮਾਡਲ ਸ਼ਹਿਰ ਵਜੋਂ
ਵਿਕਸਤ ਕਰਨ ਲਈ ਸਰਕਾਰ ਵੱਲੋਂ ਵਿਆਪਕ ਯੋਜਨਾ ਘੜੀ ਜਾ ਰਹੀ ਹੈ।
ਮੁਸਲਿਮ
ਤੇ ਸਿੱਖ ਭਾਈਚਾਰੇ ਦਰਮਿਆਨ ਸਦੀਆਂ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ
ਭਾਈਚਾਰੇ ਅਮੀਰ ਪਰੰਪਰਾਵਾਂ ਦੀ ਸਾਂਝ ਰੱਖਦੇ ਹਨ ਅਤੇ ਦੋਵੇਂ ਕੌਮਾਂ ਹੀ ਕੌਮ ਲਈ ਕੁਰਬਾਨ ਹੋਣ ਵਾਲੇ
ਸ਼ਹੀਦਾਂ ਨੂੰ ਕਦੇ ਨਹੀਂ ਭੁੱਲਦੀਆਂ। ਉਨ੍ਹਾਂ ਕਿਹਾ ਕਿ ਇਹ ਵੀ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਦੇ
ਸਰਵਉੱਚ ਧਾਰਮਕ ਸਥਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦਾ ਨੀਂਹ ਪੱਥਰ ਇੱਕ ਮੁਸਲਿਮ ਪੀਰ
ਸਾਈਂ ਮੀਆਂ ਮੀਰ ਨੇ ਰੱਖਿਆ।
ਰਾਜ
ਅੰਦਰ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਹਾਲ ਰੱਖਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ
ਦੁਹਰਾਉਂਦਿਆਂ ਸ. ਬਾਦਲ ਨੇ ਕਿਹਾ ਕਿ ਜਿੱਥੇ ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿਚ ਫਿਰਕੂ ਤਣਾਅ ਹੈ
ਉਥੇ ਰਾਜ ਸਰਕਾਰ ਦੀ ਸੱਭ ਤੋਂ ਵੱਡੀ ਪ੍ਰਾਪਤੀ ਸੂਬੇ ਅੰਦਰ ਏਕਤਾ ਅਤੇ ਸ਼ਾਂਤੀ ਬਣਾਏ ਰੱਖਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਰਾਜ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਨਾਉਣ
ਵਿਚ ਆਪਣਾ ਪੂਰਾ ਜੋਰ ਲਾਇਆ ਗਿਆ ਕਿ ਰਾਜ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਅਮਨ ਤੇ
ਕਾਨੂੰਨ ਨੂੰ ਬਹਾਲ ਰੱਖਿਆ ਜਾਵੇ।
ਇਸ
ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਵੀ ਲੋਕਾਂ ਨੂੰ ਇਸ
ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ।
ਇਸ
ਮੌਕੇ ਹੋਰਨਾ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਅਤੇ ਬਾਬੂ ਪ੍ਰਕਾਸ਼ ਚੰਦ ਗਰਗ,
ਵਿਧਾਇਕ ਸ. ਇਕਬਾਲ ਸਿੰਘ ਝੂੰਦਾ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਸ. ਕੇ.ਜੀ.ਐਸ. ਚੀਮਾ
ਅਤੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਤੇ ਚੇਅਰਮੈਨ ਪੰਜਾਬ ਵਕਫ ਬੋਰਡ ਜਨਾਬ ਇਜ਼ਹਾਰ ਆਲਮ ਵੀ
ਹਾਜ਼ਰ ਸਨ।
No comments:
Post a Comment