- ਸੰਗਰੂਰ ਵਿਖੇ ਪੀ.ਜੀ.ਆਈ. ਦਾ ਆਊਟਰੀਚ ਸੈਂਟਰ ਕਾਇਮ ਕਰਨ ਲਈ ਛੇਤੀ ਪ੍ਰਵਾਨਗੀ ਦੇਣ ਦੀ ਮੰਗ
- ਤਜਵੀਜ਼ਤ ਸੰਸਥਾ ਮਾਲਵਾ ਖੇਤਰ ਦੇ ਲੋਕਾਂ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ
- ਗੁਲਾਮ ਨਬੀ ਆਜ਼ਾਦ ਨੂੰ ਸੂਬੇ 'ਚੋਂ ਕੈਂਸਰ ਰੋਗ ਸਬੰਧੀ ਸੂਬਾ ਸਰਕਾਰ ਵਲੋਂ ਚੁੱਕੇ ਕਦਮਾਂ ਬਾਰੇ ਦੱਸਿਆ
- ਕੇਂਦਰੀ ਸਿਹਤ ਮੰਤਰੀ ਵਲੋਂ ਮਿਆਰੀ ਸਿਹਤ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬੇ ਦੀ ਸ਼ਲਾਘਾ
ਮੁੱਖ ਮੰਤਰੀ ਨੇ ਸੋਮਵਾਰ ਦੀ ਸ਼ਾਮ ਨੂੰ ਸ਼੍ਰੀ ਆਜ਼ਾਦ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕਰਕੇ ਦੱਸਿਆ ਕਿ ਸੂਬਾ ਸਰਕਾਰ ਇਸ ਕੇਂਦਰ ਨੂੰ ਮਾਲਵਾ ਪੱਟੀ ਵਿੱਚ ਮੋਹਰੀ ਸਿਹਤ ਤੇ ਖੋਜ ਸੰਸਥਾ ਵਜੋਂ ਕਾਇਮ ਕਰਨ ਲਈ 25 ਏਕੜ ਜ਼ਮੀਨ ਦੀ ਸ਼ਨਾਖਤ ਪਹਿਲਾਂ ਹੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਤਜਵੀਜ਼ਤ ਸੰਸਥਾ ਇਸ ਖੇਤਰ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਵਸਦੇ ਲੋਕਾਂ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ ਜਿਨਾਂ ਨੂੰ ਹੁਣ ਇਲਾਜ ਲਈ ਘਰਾਂ ਤੋਂ ਬਹੁਤ ਦੂਰ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਜਾਣਾ ਪੈਂਦਾ ਹੈ। ਇਥੋਂ ਤੱਕ ਕਿ ਕੈਂਸਰ ਦੇ ਇਲਾਜ ਲਈ ਲੋਕ ਰਾਜਸਥਾਨ ਵਿੱਚ ਬੀਕਾਨੇਰ ਵਿਖੇ ਜਾਂਦੇ ਹਨ।
ਮੁੱਖ ਮੰਤਰੀ ਨੇ ਸ਼੍ਰੀ ਆਜ਼ਾਦ ਨੂੰ ਦੱਸਿਆ ਕਿ ਉਹ ਸੂਬਾ ਭਰ ਵਿੱਚ ਮੈਗਾ ਮੈਡੀਕਲ ਕੈਂਪ ਲਾਉਣ ਲਈ ਵਿਸ਼ੇਸ਼ ਤੌਰ 'ਤੇ ਧਿਆਨ ਦੇ ਰਹੇ ਹਨ ਤਾਂ ਜੋ ਸਿਹਤ ਸਹੂਲਤਾਂ ਤੋਂ ਵਾਂਝੇ ਅਤੇ ਹੇਠਲੇ ਵਰਗ ਦੇ ਲੋਕਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਨਾਂ ਕੈਂਪਾਂ ਵਿੱਚ ਜਾਂਚ ਦੌਰਾਨ ਜੇਕਰ ਕੋਈ ਬਿਮਾਰੀ ਪਾਈ ਜਾਂਦੀ ਹੈ ਤਾਂ ਉਸ ਦਾ ਉਸੇ ਵੇਲੇ ਹੀ ਢੁਕਵਾਂ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਅਜਿਹਾ ਕੈਂਪ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹਿਲਾਂ ਹੀ ਲਾਇਆ ਜਾ ਚੁੱਕਾ ਹੈ ਅਤੇ ਹੁਣ ਮਾਨਸਾ ਵਿਖੇ 3 ਅਤੇ 4 ਨਵੰਬਰ ਨੂੰ ਵੀ ਦੋ ਰੋਜਾ ਮੈਗਾ ਕੈਂਪ ਲਾਇਆ ਜਾ ਰਿਹਾ ਹੈ। ਸ. ਬਾਦਲ ਨੇ ਇਸ ਕੈਂਪ ਦੀ ਪ੍ਰਧਾਨਗੀ ਲਈ ਕੇਂਦਰੀ ਸਿਹਤ ਮੰਤਰੀ ਨੂੰ ਵੀ ਸੱਦਾ ਦਿੱਤਾ ਤਾਂ ਜੋ ਉਹ ਇਨਾਂ ਕੈਂਪਾਂ ਬਾਰੇ ਲੋਕਾਂ ਦੀ ਵਧ ਰਹੀ ਉਤਸੁਕਤਾ ਨੂੰ ਨਿੱਜੀ ਤੌਰ 'ਤੇ ਆਪਣੇ ਅੱਖੀਂ ਦੇਖ ਸਕਣ।
ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਆਜ਼ਾਦ ਨੇ ਮੁੱਖ ਮੰਤਰੀ ਨਾਲ ਵਾਅਦਾ ਕੀਤਾ ਕਿ ਉਹ ਪੀ.ਜੀ.ਆਈ. ਦਾ ਕੇਂਦਰ ਸੰਗਰੂਰ ਵਿਖੇ ਸਥਾਪਤ ਕਰਨ ਬਾਰੇ ਤਜਵੀਜ਼ ਨੂੰ ਯਕੀਨਨ ਵਿਸਥਾਰ ਵਿੱਚ ਵਿਚਾਰਨਗੇ ਤਾਂ ਕਿ ਇਸ ਨੂੰ ਛੇਤੀ ਤੋਂ ਛੇਤੀ ਕਾਇਮ ਕੀਤਾ ਜਾ ਸਕੇ। ਸ. ਬਾਦਲ ਵਲੋਂ ਦਿੱਤੇ ਸੱਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕੇਂਦਰੀ ਮੰਤਰੀ ਨੇ ਆਖਿਆ ਕਿ ਉਹ ਅਜਿਹੇ ਕੈਂਪਾਂ ਵਿੱਚ ਸ਼ਾਮਲ ਹੋਣ ਅਤੇ ਉਥੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਇੱਛਕ ਹਨ ਤਾਂ ਕਿ ਲੋਕ ਆਪਣੀ ਸਿਹਤ ਸੰਭਾਲ ਪ੍ਰਤੀ ਗੰਭੀਰ ਹੋਣ।
ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ. ਚੀਮਾ ਅਤੇ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਸ਼੍ਰੀ ਕੇ. ਸ਼ਿਵਾ ਪ੍ਰਸ਼ਾਦ ਸ਼ਾਮਲ ਸਨ।
No comments:
Post a Comment