Saturday, 27 October 2012

ਕਾਂਗਰਸ ਮੰਤਰੀ ਬਦਲ ਸਕਦੀ ਹੈ ਅਕਸ ਨਹੀਂ - ਪ੍ਰਕਾਸ਼ ਸਿੰਘ ਬਾਦਲ

ਭਗਵਾਨ ਵਾਲਮੀਕ ਪਰਗਟ ਦਿਵਸ ਮੌਕੇ ਮੁਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਭਗਵਾਨ ਵਾਲਮੀਕ ਭਵਨ ਲਈ 10 ਲੱਖ ਰੁਪਏ ਦੇਣ ਦਾ ਐਲਾਨ

ਬਠਿੰਡਾ, 27 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਵਜ਼ਾਰਤ ਵਿੱਚ ਕੀਤੇ ਜਾ ਰਹੇ ਫੇਰ ਬਦਲ ਨੂੰ ਮੁਲਕ ਅੰਦਰ ਕਾਂਗਰਸ ਦੀ ਡੁੱਬ ਰਹੀ ਸਿਆਸੀ ਸ਼ਾਖ ਬਚਾਉਣ ਦੀ ਕਾਰਵਾਈ ਕਰਾਰ

ਦਿੰਦਿਆਂ ਕਿਹਾ ਕਿ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਖੋ ਚੁੱਕੀ ਕਾਂਗਰਸ ਪਾਰਟੀ ਨੂੰ ਹੁਣ ਅਜਿਹਾ ਕੋਈ ਵੀ ਕਦਮ ਡੁੱਬਣ ਤੋਂ ਨਹੀਂ ਬਚਾ ਸਕਦਾ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੀ ਇੰਤਹਾ ਲਿਆ ਦਿੱਤੀ ਜਿਸ ਕਰਕੇ ਲੋਕਾਂ ਦਾ ਇਸ ਤੋਂ ਪੂਰਨ ਰੂਪ ਵਿੱਚ ਭਰੋਸਾ ਖਤਮ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਭ੍ਰਿਸ਼ਟਾਚਾਰ, ਮਹਿੰਗਾਈ ਤੇ ਬੇਰੁਜ਼ਗਾਰੀ ਤੋਂ ਸਿਵਾਏ ਕੁਝ ਨਾ ਦੇਣ ਵਾਲੀ ਕਾਂਗਰਸ ਪਾਰਟੀ ਦਾ ਇਸਦੇ ਖੁਦ ਦੇ ਕਾਰਨਾਮਿਆਂ ਕਰਕੇ ਮੁਲਕ ਅੰਦਰੋ ਖਾਤਮਾਂ ਅਟੱਲ ਹੈ ਤੇ ਵਜ਼ਾਰਤੀ ਫੇਰਬਦਲ ਕਰਕੇ ਡੁੱਬ ਰਹੀ ਕਾਂਗਰਸ ਆਪਣੀ ਸਿਆਸੀ ਸ਼ਾਖ ਬਚਾਉਣ ਲਈ ਹੱਥ ਪੈਰ ਮਾਰ ਰਹੀ ਹੈ। 
ਇਹ ਗੱਲ ਅੱਜ ਇਥੇ ਭਗਵਾਨ ਵਾਲਮੀਕ ਪਰਗਟ ਦਿਵਸ ਦੇ ਸਮਾਗਮ ਵਿੱਚ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਪੁੱਜੇ ਮੁਖ ਮੰਤਰੀ ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਮੁਲਕ ਦੇ ਕਈ ਹੋਰ ਸੂਬਿਆਂ ਵਿੱਚ ਕਾਂਗਰਸ ਦਾ ਸਫਾਇਆ ਹੋ ਚੁੱਕਿਆ ਹੈ ਤੇ ਹੌਲੀ-ਹੌਲੀ ਕਾਂਗਰਸ ਪਾਰਟੀ ਪੂਰੇ ਮੁਲਕ ਅੰਦਰ ਡੁੱਬ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਸਦਕਾ ਅੱਜ ਮੁਲਕ ਅੰਦਰ ਆਮ ਆਦਮੀ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। 
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਖ ਮੰਤਰੀ ਨੇ ਬਠਿੰਡਾ ਵਿਖੇ ਭਗਵਾਨ ਵਾਲਮੀਕ ਭਵਨ ਬਣਾਉਣ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਭਵਨ ਖਾਤਰ ਜਗ•ਾ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਤੇ ਹੁਣ ਜਲਦ ਹੀ ਇਸ ਭਵਨ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਮਹਾਂਰਿਸ਼ੀ ਵਾਲਮੀਕ ਟ੍ਰਸਟ (ਰਜਿ.) ਵੱਲੋਂ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਖ ਮੰਤਰੀ ਸ.ਬਾਦਲ ਨੇ ਵਾਲਮੀਕ ਭਾਈਚਾਰੇ ਦੇ ਨੁੰਮਾਇੰਦਿਆਂ ਨੂੰ ਕਿਹਾ ਕਿ ਉਹ ਇਕ ਪੰਜ ਮੈਂਬਰੀ ਕਮੇਟੀ ਬਣਾਕੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨ ਤਾਂ ਜੋ ਸਰਕਾਰ ਇਸ ਪਿਆਰ ਤੇ ਸ਼ਾਂਤੀ ਪਸੰਦ ਭਾਈਚਾਰੇ ਦੀ ਤਰੱਕੀ ਲਈ ਵੱਧ ਤੋਂ ਵੱਧ ਯੋਗਦਾਨ ਪਾ ਸਕੇ। ਭਗਵਾਨ ਵਾਲਮੀਕ ਪਰਗਟ ਦਿਵਸ ਦੀ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕ ਨੇ ਪਵਿੱਤਰ ਗ੍ਰੰਥ ਰਾਮਾਇਣ ਦੀ ਰਚਨਾਂ ਕਰਕੇ ਸਮੁੱਚੇ ਸੰਸਾਰ ਨੂੰ ਜਿਊਣ ਦਾ ਇਕ ਨਵਾਂ ਮਾਰਗ ਦਿੱਤਾ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕ ਦੁਆਰਾ ਦਰਸਾਇਆ ਮਾਰਗ ਹਮੇਸ਼ਾ-ਹਮੇਸ਼ਾ ਲਈ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦਾ ਰਹੇਗਾ। ਸ. ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕ  ਪ੍ਰਕਾਸ਼ ਉਤਸਵ ਮਨਾਏ ਜਾਣ ਦਾ ਪੰਜਾਬ ਦੇ ਲੋਕਾਂ ਨੂੰ ਬਹੁਤ ਮਾਣ ਹੈ ਕਿਉਂਕਿ ਪਵਿੱਤਰ ਗ੍ਰੰਥ ਰਾਮਾਇਣ ਦੀ ਰਚਨਾ ਪੰਜਾਬ ਦੀ ਧਰਤੀ ਉੱਪਰ ਹੋਈ। ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਮੁਖ ਮੰਤਰੀ ਸ.ਬਾਦਲ ਭਗਵਾਨ ਵਾਲਮੀਕ ਦੀ ਤਸਵੀਰ ਅੱਗੇ ਨਤਮਸਤਕ ਹੋਏ । ਵਾਲਮੀਕ ਭਾਈਚਾਰੇ ਦੇ ਨੁੰਮਾਇੰਦਿਆਂ ਵੱਲੋਂ ਬਠਿੰਡਾ ਨਗਰ ਨਿਗਮ ਤਹਿਤ ਕੰਮ ਕਰ ਰਹੇ 138 ਕੱਚੇ ਸਫਾਈ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕੀਤੀ ਮੰਗ ਬਾਰੇ ਮੁਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।
ਇਸ ਮੌਕੇ ਮੁਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਮੁਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁਖ ਸਕੱਤਰ ਸ੍ਰੀ ਕੇ.ਜੇ.ਐਸ.ਚੀਮਾਂ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ,ਮੇਅਰ ਸ੍ਰੀ ਬਲਜੀਤ ਸਿੰਘ ਬੀੜ ਬਹਿਮਣ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਰਵਚਰਨ ਸਿੰਘ ਬਰਾੜ, ਐਸ.ਡੀ.ਐਮ ਸ੍ਰੀ ਰਾਮਵੀਰ, ਮਹਾਂਰਿਸ਼ੀ ਵਾਲਮੀਕ ਟ੍ਰੱਸਟ ਬਠਿੰਡਾ ਦੇ ਪ੍ਰਧਾਨ ਸ੍ਰੀ ਅਰਜਨ ਸਿੰਘ ਅਤੇ ਚੇਅਰਮੈਨ ਸ੍ਰੀ ਨਵੀਨ ਕੁਮਾਰ ਤੇ ਹੋਰ ਅਹੁਦੇਦਾਰ ਹਾਜ਼ਰ ਸਨ। 

No comments:

Post a Comment