Wednesday, 31 October 2012

ਪੰਜਾਬ ਨੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿਚ ਲਿਆਂਦੀ ਤੇਜ਼ੀ


  • ਸੁਖਬੀਰ ਸਿੰਘ ਬਾਦਲ ਵਲੋਂ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਆਨ ਲਾਈਨ ਦਰਜ ਕਰਨ ਲਈ ਪੋਰਟਲ ਅਤੇ ਟੋਲ ਫਰੀ ਨੰਬਰ ਦੀ ਸ਼ੁਰੂਆਤ
ਚੰਡੀਗੜ੍ਹ, 31 ਅਕਤੂਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਂਦਿਆਂ ਆਮ ਲੋਕਾਂ ਨੂੰ ਆਪਣੀਆਂ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਆਨ ਲਾਈਨ ਜਾਂ ਟੋਲ ਫਰੀ ਨੰਬਰ ਜਰੀਏ ਦਰਜ ਕਰਾਉਣ ਦੀ ਸਹੂਲਤ ਦਿੰਦਿਆਂ ਇਕ ਵਿਸ਼ੇਸ਼ ਪੋਰਟਲ ਅਤੇ ਟੋਲ ਫਰੀ ਨੰਬਰ ਸ਼ੁਰੂ ਦਰ ਦਿੱਤਾ ਹੈ।  
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਪੋਰਟਲ ਅਤੇ ਟੋਲ ਫਰੀ ਨੰਬਰ ਦੀ ਸ਼ੁਰੂਆਤ ਕਰਦਿਆਂ ਇਸ ਨੂੰ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿਚ ਆਮ ਲੋਕਾਂ ਨੂੰ ਸ਼ਾਮਲ ਕਰਨ ਦੀ ਦਿਸ਼ਾ ਵਿਚ ਵੱਡੀ ਪਹਿਲਕਦਮੀ ਕਰਾਰ ਦਿੱਤਾ ਹੈ। ਵਿਜੀਲੈਂਸ ਬਿਊਰੋ ਦੀ ਇਸ ਵੈਬਸਾਈਟ ਵਿਚ ਸਭ ਤੋਂ ਨਵੇਕਲੀ ਸਹੂਲਤ ਆਨ ਲਾਈਨ ਸ਼ਿਕਾਇਤ ਦੇ ਨਾਲ ਨਾਲ ਆਡੀਓ/ਵੀਡੀਓ ਫੁਟੇਜ ਅਤੇ ਤਸਵੀਰਾਂ ਅਪਲੋਡ ਕਰਨ ਦੇ ਰੂਪ ਵਿਚ ਦਿੱਤੀ ਗਈ ਹੈ। ਇਸ ਨਾਲ ਚੌਕਸ ਜਨਤਾ ਨੂੰ ਕਿਸੇ ਵੀ ਸਰਕਾਰੀ ਅਧਿਕਾਰੀ ਦੀਆਂ ਭ੍ਰਿਸ਼ਟਾਚਾਰ ਨਾਲ ਸਬੰਧਤ ਸਰਗਰਮੀਆਂ ਬਾਰੇ ਵੀਡੀਓਗ੍ਰਾਫ/ਫੋਟੋਗ੍ਰਾਫ ਬਿਊਰੋ ਦੀ ਵੈਬਸਾਈਟ 'ਤੇ ਅਪਲੋਡ ਕਰਨ ਦੀ ਸਹੂਲਤ ਮਿਲੇਗੀ ਤਾਂ ਜੋ ਬਿਊਰੋ ਵਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ।
ਲੋਕਾਂ ਨੂੰ ਭ੍ਰਿਸ਼ਟਾਚਾਰ ਬਾਰੇ ਜਾਗਰੁਕ ਕਰਨ ਅਤੇ ਇਸ ਨਵੇਂ ਪੋਰਟਲ ਅਤੇ ਟੋਲ ਫਰੀ ਨੰਬਰ ਬਾਰੇ ਜਾਣਕਾਰੀ ਦੇਣ ਲਈ ਇੱਕ ਬਹੁ-ਮੀਡੀਆ ਪ੍ਰਚਾਰ ਮੁਹਿੰਮ ਦੀ ਲੋੜ 'ਤੇ ਜੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਜਾਣਕਾਰੀ ਸਬੰਧੀ ਪੋਸਟਰ ਜਨਤਕ ਸੰਪਰਕ ਵਾਲੇ ਸਾਰੇ ਦਫਤਰਾਂ ਵਿਚ ਪ੍ਰਮੁੱਖਤਾ ਨਾਲ ਲਗਾਏ ਜਾਣ। ਉਨ੍ਹਾਂ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਸ਼੍ਰੀ ਸੁਰੇਸ਼ ਅਰੋੜਾ ਨੂੰ ਵੱਖ ਵੱਖ ਚੈਨਲਾਂ 'ਤੇ ਉਕਤ ਵੈਬਸਾਈਟ ਅਤੇ ਟੋਲ ਫਰੀ ਨੰਬਰ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਇਕ ਲਾਈਨ ਰੂਪੀ ਇਸ਼ਤਿਹਾਰ ਵੀ ਚਲਾਉਣ ਲਈ ਕਿਹਾ।
ਉਪ ਮੁੱਖ ਮੰਤਰੀ ਨੇ ਨਵੇਂ ਪ੍ਰਾਪਤ ਕੀਤੇ ਗਏ ਟੋਲ ਫਰੀ ਨੰਬਰ (1800-1800-1000) ਦੀ ਸਹੂਲਤ ਰਾਜ ਵਾਸੀਆਂ ਲਈ ਜਾਰੀ ਕੀਤੀ। ਸ. ਬਾਦਲ ਨੇ ਕਿਹਾ ਕਿ ਹੁਣ ਲੋਕ ਭ੍ਰਿਸ਼ਟਾਚਾਰ ਸਬੰਧੀ  ਸ਼ਿਕਾਇਤਾਂ ਇਸ ਟੋਲ ਫਰੀ ਨੰਬਰ 'ਤੇ ਦਰਜ ਕਰਵਾਉਣ ਤੋਂ ਇਲਾਵਾ ਆਪਣੀ ਸ਼ਿਕਾਇਤ ਨਾਲ ਸਬੰਧਤ ਵੇਰਵੇ ਵੀ ਦੇ ਸਕਣਗੇ ਜਿਸ 'ਤੇ ਸਬੰਧਤ ਵਿਜੀਲੈਂਸ ਬਿਊਰੋ ਅਧਿਕਾਰੀ ਸ਼ਿਕਾਇਤਕਰਤਾ ਨਾਲ ਸੰਪਰਕ ਕਰੇਗਾ। ਇਸ ਮੌਕੇ ਪੰਜਾਬ ਦੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਸ਼੍ਰੀ ਸੁਰੇਸ਼ ਅਰੋੜਾ ਨੇ ਪੋਰਟਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਕਿ ਹਰ ਪ੍ਰਕਾਰ ਦੇ ਉਪਰਕਨ ਜਿਵੇਂ ਕਿ ਮੋਬਾਈਲ ਫੋਨ, ਆਈ-ਪੈਡ, ਡੈਸਕਟਾਪ ਅਤੇ ਲੈਪਟਾਪ ਆਦਿ ਤੋਂ ਸੰਪਰਕਯੋਗ ਹੋਵੇਗਾ ਅਤੇ ਪ੍ਰਵਾਸੀ ਭਾਈਚਾਰੇ ਲਈ ਆਨ ਲਾਈਨ ਪ੍ਰਵਾਸੀ ਭਾਰਤੀ ਹੈਲਪਡੈਸਕ ਵੀ ਪ੍ਰਦਾਨ ਕਰੇਗਾ। ਇਸ ਵਿਚ ਆਨ ਲਾਈਨ ਦਰਜ ਕਰਵਾਈ ਗਈ ਸ਼ਿਕਾਇਤ ਬਾਰੇ ਹੋ ਰਹੀ ਕਾਰਵਾਈ ਬਾਰੇ ਵੀ ਪਤਾ ਲਿਆ ਜਾ ਸਕੇਗਾ।
ਸ਼੍ਰੀ ਅਰੋੜਾ ਨੇ ਅੱਗੇ ਦੱਸਿਆ ਕਿ ਇਸ ਵੈਬਸਾਈਟ 'ਤੇ ਵਿਜੀਲੈਂਸ ਬਿਊਰੋ ਨਾਲ ਸਬੰਧਤ ਸਾਰੀਆਂ ਅਹਿਮ ਜਾਣਕਾਰੀਆਂ ਜਿਵੇਂ ਕਿ ਅਧਿਕਾਰੀਆਂ ਦੀ ਤਾਇਨਾਤੀ, ਦਫਤਰਾਂ ਦੀ ਸਥਿਤੀ, ਸਰਕਾਰੀ ਫੋਨ ਨੰਬਰ ਅਤੇ ਈ-ਮੇਲ ਸਿਰਨਾਵੇਂ ਅਤੇ ਸਬੰਧਤ ਵਿਭਾਗਾਂ ਦੇ ਮੁੱਖ ਵਿਜੀਲੈਂਸ ਅਫਸਰਾਂ ਦੀਆਂ ਸੂਚੀਆਂ ਸੁਚੱਜੀ ਤਰਤੀਬ ਵਿਚ ਉਪਲੱਭਧ ਹੋਣਗੀਆਂ। ਇਸ ਤੋਂ ਇਲਾਵਾ ਅਦਾਲਤੀ ਭਗੌੜਿਆਂ ਦੀਆਂ ਤਸਵੀਰਾਂ ਵੀ ਇਸ ਵੈਬਸਾਈਟ 'ਤੇ ਪ੍ਰਦਰਸ਼ਿਤ ਹੋਣਗੀਆਂ ਜਿਸ ਨਾਲ ਲੋਕ ਉਨ੍ਹਾਂ ਬਾਰੇ ਕੋਈ ਜਾਣਕਾਰੀ ਦੇ ਸਕਣਗੇ। ਵਿਜੀਲੈਂਸ ਬਿਊਰੋ ਵਲੋਂ ਸਾਰੇ ਸਰਕਾਰੀ ਵਿਭਾਗਾਂ ਨੂੰ ਬਿਊਰੋ ਦੀ ਵੈਬਸਾਈਟ ਦਾ ਲਿੰਕ ਆਪਣੀਆਂ ਵਿਭਾਗੀ ਵੈਬਸਾਈਟਾਂ 'ਤੇ ਪਾਉਣ ਲਈ ਲਿਖਿਆ ਗਿਆ ਹੈ।
ਸ਼੍ਰੀ ਅਰੋੜਾ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਵੱਖ ਵੱਖ ਜਾਗਰੁਕਤਾ ਮੁਹਿੰਮਾਂ ਸ਼ੁਰੂ ਕਰਨ ਤੋਂ ਇਲਾਵਾ ਆਪਣੇ ਸਟਾਫ ਦੀ ਜਾਂਚ ਲਈ ਅੰਦਰੂਨੀ ਚੌਕਸੀ ਸੈਲ ਅਤੇ ਵਿਸੇਸ਼ ਯੂਨਿਟ ਸਥਾਪਤ ਕਰਕੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲਈ ਕਈ ਵੱਡੇ ਕਦਮ ਚੁੱਕੇ ਹਨ। ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਰੋਕਣ ਲਈ ਲੋੜੀਂਦੇ ਪ੍ਰਕ੍ਰਿਆਤਮਕ ਸੁਧਾਰਾਂ ਲਈ ਵੀ ਰਾਜ ਸਰਕਾਰ ਨੂੰ ਸੁਝਾਅ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਦੀ ਲੜੀ ਵਿਚ ਤਾਜਾ ਕਦਮ ਵਿਜੀਲੈਂਸ ਬਿਊਰੋ ਦੀ ਸਰਕਾਰੀ ਵੈਬਸਾਈਟ  www.vigilancebureaupunjab.org  ਦੀ ਰਚਨਾ ਦੇ ਰੂਪ ਵਿਚ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇਸ ਵੈਬਸਾਈਟ ਅਤੇ ਟੋਲ ਫਰੀ ਨੰਬਰ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਅਹਿਮ ਜਨਤਕ ਸਥਾਨਾਂ 'ਤੇ ਸੂਚਨਾ ਬੋਰਡ ਅਤੇ ਬੈਨਰ ਲਗਾਏ ਜਾ ਰਹੇ ਹਨ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਭ੍ਰਿਸ਼ਟਾਚਾਰ ਸਬੰਧੀ ਆਪਣੀਆਂ ਸ਼ਿਕਾਇਤਾਂ ਦਰਜ ਕਰਨ ਲਈ ਆਨ ਲਾਈਨ ਮੰਚ ਮਿਲੇਗਾ ਅਤੇ ਇਹ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੀ ਵਿਵਸਥਾ ਨੂੰ ਹੋਰ ਚੁਸਤ ਦਰੁਸਤ ਬਣਾਉਣ ਵਿਚ ਸਹਾਈ ਹੋਵੇਗੀ। ਉਨ੍ਹਾਂ ਇਸ ਪਹਿਲਕਦਮੀ ਦੀ ਸਫਲਤਾ ਲਈ ਪੰਜਾਬ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਦੀ ਮੰਗ ਕੀਤੀ ਹੈ।
ਇਸ ਮੌਕੇ ਉਪ ਮੁੱਖ ਮੰਤਰੀ ਨੇ ਇਸ ਵੈਬਸਾਈਟ ਨੂੰ ਵਿਕਸਤ ਕਰਨ ਵਾਲੀ ਟੀਮ ਦੇ ਮੈਂਬਰਾਂ ਸ਼੍ਰੀ ਐਚ.ਐਸ. ਰਾਏ, ਡੀਨ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਸ਼੍ਰੀ ਪ੍ਰਿਤਪਾਲ ਸਿੰਘ, ਸਲਾਹਕਾਰ, ਸ਼੍ਰੀ ਸੂਰਯਾ ਕੁਮਾਰ ਅਤੇ ਸ਼੍ਰੀ ਮੁਕੇਸ਼ ਕੁਮਾਰ ਨੂੰ ਸਨਮਾਨਤ ਕੀਤਾ। ਸ਼੍ਰੀ ਬੀ.ਕੇ. ਬਾਵਾ, ਡਾਇਰੈਕਟਰ, ਵਿਜੀਲੈਂਸ ਬਿਊਰੋ, ਮੈਡਮ ਨੀਰਜਾ, ਆਈ.ਜੀ. ਵਿਜੀਲੈਂਸ ਬਿਊਰੋ ਅਤੇ ਸ਼੍ਰੀ ਡੀ.ਪੀ. ਸਿੰਘ, ਸੰਯੁਕਤ ਨਿਰਦੇਸ਼ਕ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

No comments:

Post a Comment