Monday, 8 October 2012

ਅਗਲੇ ਦੋ ਸਾਲਾਂ ਦੌਰਾਨ ਆਰਥਕ ਤੌਰ 'ਤੇ ਕਮਜ਼ੋਰ ਵਰਗ ਦੇ 42,000 ਪਰਿਵਾਰਾਂ ਨੂੰ ਮੁਫ਼ਤ ਮਕਾਨ ਦਿੱਤੇ ਜਾਣਗੇ: ਸੁਖਬੀਰ ਸਿੰਘ ਬਾਦਲ

• ਲਾਭਪਾਤਰੀ ਪਰਿਵਾਰਾਂ ਨੂੰ ਦਸੰਬਰ 2014 ਤੱਕ ਮਿਲੇਗਾ ਕਬਜ਼ਾ। 
• ਅਗਲੇ ਪੰਜ ਸਾਲਾਂ ਦੌਰਾਨ ਆਰਥਕ ਤੌਰ 'ਤੇ ਕਮਜ਼ੋਰ ਇੱਕ ਲੱਖ ਪਰਿਵਾਰਾਂ ਨੂੰ ਮਕਾਨ ਦੇਣ ਦਾ ਟੀਚਾ। 

ਚੰਡੀਗੜ੍ਹ, 8 ਅਕਤੂਬਰ - ਪ੍ਰਧਾਨ ਸ਼ੋਮਣੀ ਅਕਾਲੀ ਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਆਰਥਕ ਤੌਰ 'ਤੇ ਕਮਜ਼ੋਰ ਵਰਗ ਨਾਲ ਸਬੰਧਤ ਪਰਿਵਾਰਾਂ ਲਈ ਬਣਾਏ ਜਾਣ ਵਾਲੇ ਮਕਾਨਾਂ ਦਾ ਕਬਜ਼ਾ ਦਸੰਬਰ 2014 ਤੱਕ ਹਰ ਹਾਲਤ ਵਿੱਚ ਦੇਣ ਦੇ ਨਿਰਦੇਸ਼ਾਂ ਨਾਲ 42,000 ਅਜਿਹੇ ਪਰਿਵਾਰਾਂ ਨੂੰ ਅਗਲੇ ਦੋ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਬਣੇ-ਬਣਾਏ ਮਕਾਨ ਦਾ ਤੋਹਫ਼ਾ ਮਿਲਣਾ ਨਿਸ਼ਚਿਤ ਹੋ ਗਿਆ ਹੈ।

ਅੱਜ ਇੱਥੇ ਵੱਖ-ਵੱਖ ਵਿਕਾਸ ਅਥਾਰਿਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮਨਜ਼ੂਰ ਕੀਤੇ ਗਏ ਮੈਗਾ ਪ੍ਰਾਜੈਕਟਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਪ੍ਰਾਜੈਕਟ ਦਾ 6 ਫ਼ੀਸਦੀ ਹਿੱਸਾ ਆਰਥਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਲਈ ਮਕਾਨਾਂ ਦੀ ਉਸਾਰੀ ਲਈ ਰਾਖਵਾਂ ਰੱਖਣ ਅਤੇ ਪ੍ਰਾਜੈਕਟ ਦੇ ਪ੍ਰਮੋਟਰ ਨੂੰ ਪ੍ਰਮੁੱਖ ਪ੍ਰਾਜੈਕਟ ਦੀ ਉਸਾਰੀ ਤੋਂ ਪਹਿਲਾਂ ਆਰਥਕ ਤੌਰ 'ਤੇ ਕਮਜ਼ੋਰ ਵਰਗ ਦੇ ਪਰਿਵਾਰਾਂ ਲਈ ਬਣਨ ਵਾਲੇ ਮਕਾਨਾਂ ਦੀ ਉਸਾਰੀ ਨੂੰ ਯਕੀਨੀ ਬਣਾਉਣ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸਾਲ 2020 ਤੱਕ ਹਰ ਪਰਿਵਾਰ ਨੂੰ ਰੈਨ ਬਸੇਰਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਲੇ ਪੰਜ ਸਾਲਾਂ ਦੌਰਾਨ ਆਰਥਕ ਤੌਰ 'ਤੇ ਕਮਜ਼ੋਰ ਇੱਕ ਲੱਖ ਪਰਿਵਾਰਾਂ ਨੂੰ ਮਕਾਨ ਪ੍ਰਦਾਨ ਕਰਨ ਸਬੰਧੀ ਇੱਕ ਵਿਸਥਾਰਤ ਯੋਜਨਾ ਉਲੀਕੀ ਜਾਵੇ।
ਆਰਥਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਲਈ ਪ੍ਰਸਤਾਵਤ ਮਕਾਨਾਂ ਦੀ ਬਣਤਰ ਨੂੰ ਪ੍ਰਵਾਨਗੀ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪ੍ਰਸਤਾਵਤ ਘਰ ਵਿੱਚ 2 ਕਮਰੇ, ਇੱਕ ਰਸੋਈ ਅਤੇ ਇੱਕ ਟਾਇਲਟ ਸੈਟ ਤੋਂ ਇਲਾਵਾ ਰੌਸ਼ਨੀ ਅਤੇ ਹਵਾ ਦਾ ਢੁਕਵਾਂ ਪ੍ਰਬੰਧ ਹੋਣ ਦੇ ਨਾਲ-ਨਾਲ ਪਾਰਕਿੰਗ ਦੀ

ਵਿਵਸਥਾ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਮਕਾਨਾਂ ਲਈ ਢੁਕਵੀਆਂ ਸੜਕਾਂ, ਖੇਡ ਮੈਦਾਨ, ਡਿਸਪੈਂਸਰੀ ਅਤੇ ਸਕੂਲ ਪ੍ਰਦਾਨ ਕਰਨਾ ਵੀ ਸਾਡੇ ਲਈ ਲਾਜ਼ਮੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਿਲਡਿੰਗ ਉਪ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਇਨ੍ਹਾਂ ਘਰਾਂ ਦੀ ਉਸਾਰੀ ਦੀ ਗੁਣਵੱਤਾ ਨੂੰ ਵੀ ਯਕੀਨੀ ਬਣਾਉਣ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ. ਸ਼ਰਮਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ. ਔਜਲਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰਾਂ ਸ੍ਰੀ ਮਨਵੇਸ਼ ਸਿੰਘ ਸਿੱਧੂ ਅਤੇ ਸ੍ਰੀ ਅਜੇ ਕੁਮਾਰ ਮਹਾਜਨ ਤੋਂ ਇਲਾਵਾ ਸਾਰੀਆਂ ਸ਼ਹਿਰੀ ਵਿਕਾਸ ਅਥਾਰਿਟੀਆਂ ਦੇ ਮੁੱਖ ਪ੍ਰਸ਼ਾਸਕ ਪ੍ਰਮੁੱਖ ਤੌਰ 'ਤੇ ਸ਼ਾਮਲ ਹੋਏ।

No comments:

Post a Comment