- ਢੀਂਡਸਾ ਨੇ ਬਜਟ ਤਿਆਰ ਕਰਨ ਸਬੰਧੀ ਪੰਜਾਬ ਬਜਟ ਮੈਨੂਅਲ ਤੇ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵਿਭਾਗ ਮੁਖੀ ਪਾਬੰਦ ਕੀਤੇ
ਵਿਭਾਗਾਂ ਵੱਲੋਂ ਸਾਲ 2012-13 ਦੇ ਸੋਧੇ ਅਨੁਮਾਨ ਅਤੇ ਸਾਲ 2013-14 ਦੇ ਬਜਟ ਅਨੁਮਾਨ ਤਿਆਰ ਕਰਨ ਸਬੰਧੀ ਵਿੱਤ ਵਿਭਾਗ ਨੂੰ ਤਜਵੀਜ਼ਾਂ ਭੇਜਣ ਹਿਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਵਿਭਾਗਾਂ ਵੱਲੋਂ ਪਿਛਲੇ ਸਾਲਾਂ ਦੌਰਾਨ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ 'ਤੇ ਕੋਈ ਅਮਲ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਲੋੜੀਂਦੀ ਸੂਚਨਾ ਨਿਰਧਾਰਤ ਪ੍ਰੋਫ਼ਾਰਮੇ ਵਿੱਚ ਭੇਜੀ ਜਾਂਦੀ ਹੈ।
ਉਨਾਂ ਦੱਸਿਆ ਕਿ ਇਸ ਤਰਾਂ ਬਜਟ ਸਬੰਧੀ ਤਜਵੀਜ਼ਾਂ ਵਿੱਤ ਵਿਭਾਗ ਨੂੰ ਦੇਰੀ ਨਾਲ ਪ੍ਰਾਪਤ ਹੋਣ ਅਤੇ ਸੂਚਨਾ ਮੁਕੰਮਲ ਨਾ ਹੋਣ ਕਾਰਨ ਸਹੀ ਅਨੁਮਾਨ ਲਾਉਣ ਵਿੱਚ ਕਈ ਕਮੀਆਂ ਰਹਿ ਜਾਂਦੀਆਂ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਬਜਟ ਸਬੰਧੀ ਤਜਵੀਜ਼ਾਂ ਭੇਜਣ ਸਮੇਂ ਸਮਾਂ-ਸੂਚੀ ਦੀ ਪਾਲਣਾ ਕੀਤੀ ਜਾਵੇ। ਉਨਾਂ ਦੱਸਿਆ ਕਿ ਕਈ ਵਿਭਾਗ ਬਜਟ ਅਨੁਮਾਨ ਤਿਆਰ ਕਰਦੇ ਸਮੇਂ ਸਕੀਮਾਂ/ਪ੍ਰਾਜੈਕਟਾਂ ਦੇ ਖ਼ਰਚੇ ਦੀ ਵਿਸਤ੍ਰਿਤ ਪੜਤਾਲ ਨਹੀਂ ਕਰਦੇ ਅਤੇ ਅਜਿਹੀਆਂ ਸਕੀਮਾਂ/ਪ੍ਰਾਜੈਕਟਾਂ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਉਨਾਂ ਵੱਲੋਂ ਨਾਂ ਮਾਤਰ ਖ਼ਰਚੇ ਦਾ ਉਪਬੰਧ ਕਰਵਾ ਲਿਆ ਜਾਂਦਾ ਹੈ। ਬਾਅਦ ਵਿੱਚ ਅਨੁਮਾਨਾਂ ਵਿੱਚ ਵਾਧੇ ਲਈ ਤਜਵੀਜ਼ਾਂ ਭੇਜ ਦਿੱਤੀਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਅਜਿਹੀਆਂ ਕਾਰਵਾਈਆਂ ਨਾਲ ਜਿਥੇ ਸਮੇਂ ਦੀ ਬਰਬਾਦੀ ਹੁੰਦੀ ਹੈ, ਉਥੇ ਵਿਕਾਸ ਕਾਰਜਾਂ ਲਈ ਬਜਟ ਸਮੇਂ ਸਿਰ ਨਹੀਂ ਮਿਲਦਾ।
ਸ. ਢੀਂਡਸਾ ਨੇ ਦੱਸਿਆ ਕਿ ਵਿਭਾਗ ਮੁਖੀਆਂ ਨੂੰ ਬਜਟ ਤਿਆਰ ਕਰਨ ਸਬੰਧੀ ਪੰਜਾਬ ਬਜਟ ਮੈਨੂਅਲ ਵਿੱਚ ਦਰਜ ਦਿਸ਼ਾ-ਨਿਰਦੇਸ਼ਾਂ ਅਤੇ ਵਿੱਤ ਵਿਭਾਗ ਵੱਲੋਂ ਸਮੇਂ-ਸਮੇਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪਾਬੰਦ ਕੀਤਾ ਗਿਆ ਹੈ।
No comments:
Post a Comment