- ਸੁਖਬੀਰ ਤੇ ਸ਼ਰੀਫ ਵਲੋਂ ਭਾਰਤ ਪਾਕਿ ਖੇਡ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਅਹਿਦ
- ਲੱਖਾਂ ਦੀ ਗਿਣਤੀ ਵਿਚ ਦਰਸ਼ਕ ਉਦਘਾਟਨੀ ਸਮਾਰੋਹ ਵਿਚ ਹੋਏ ਸ਼ਾਮਿਲ
- ਯੁਵਕ ਮੇਲੇ ਵਿਚ 27 ਦੇਸ਼ ਲੈ ਰਹੇ ਹਨ ਨੇ ਹਿੱਸਾ
- ਭਾਰਤ ਤੇ ਪਾਕਿ ਦਰਮਿਆਨ ਮੁਕਾਬਲੇ ਚਾਰ ਖੇਡਾਂ ਵਿਚ
- ਗੂੰਗੇ ਤੇ ਬੋਲੇ ਖਿਡਾਰੀਆਂ ਦੇ ਦੋਸਤੀ ਕੱਪ ਵਿਚ ਭਾਰਤ ਪਾਕਿ ਦੀਆਂ ਟੀਮਾਂ 6 ਖੇਡਾਂ ਦੀ ਖਿਤਾਬੀ ਦੌੜ ਵਿਚ
ਜਿੱਥੇ ਸ. ਬਾਦਲ ਨੇ ਇਸਨੂੰ ਭਾਰਤੀ ਇਤਿਹਾਸ ਵਿਚ ਇਕ ਇਤਿਹਾਸਕ ਦਿਨ ਦੱਸਿਆ ਹੈ ਉੱਥੇ ਸ੍ਰੀ ਸ਼ਰੀਫ ਨੇ ਇਸਨੂੰ ਭਾਰਤ ਪਾਕਿ ਖੇਡ ਰਿਸ਼ਤਿਆਂ ਦੀ ਦਿਸ਼ਾ ਵੱਲ ਵੱਡੀ ਪੁਲਾਂਘ ਕਰਾਰ ਦਿੱਤਾ ਹੈ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਹ ਯਤਨ ਕਰ ਰਹੇ ਹਨ ਕਿ ਭਾਰਤ ਤੇ ਪਾਕਿ ਦਰਮਿਆਨ ਖਾਸ ਤੌਰ 'ਤੇ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿਉਂਕਿ ਉਹ ਇਹ ਸਮਝਦੇ ਹਨ ਕਿ ਆਪਸੀ ਭਰੋਸੇ ਦੀ ਬਹਾਲੀ ਲਈ ਖੇਡਾਂ ਸਭ ਤੋਂ ਅਹਿਮ ਹੁੰਦੀਆਂ ਹਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਕਬੱਡੀ ਦੇ ਦੋ ਵਿਸ਼ਵ ਕੱਪਾਂ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਇਸ ਨਿਸ਼ਚੇ ਕਿ ਏਸ਼ੀਆ ਦੀਆਂ ਰਵਾਇਤੀ ਖੇਡਾਂ ਦੀ ਸ਼ਾਨ ਨੂੰ ਬਹਾਲ ਕਰਨ ਲਈ ਦੋਹਾਂ ਦੇਸ਼ਾਂ ਨੂੰ ਰਲਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 5 ਦਿਨਾ ਪਾਕਿ ਦੌਰਾ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਖੇਡ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵੱਲ ਸੇਧਤ ਹੈ ਅਤੇ ਦੋਸਤੀ ਕੱਪ ਭਾਰਤ ਤੇ ਪਾਕਿ ਦੋਹਾਂ ਨੂੰ ਆਪੋ ਆਪਣੇ ਦੇਸ਼ ਦੇ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਵਿਚ ਵੱਡੀ ਮਦਦ ਕਰੇਗਾ। ਪਾਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਸ਼ਰੀਫ ਨੇ ਸ. ਬਾਦਲ ਦੇ ਯਤਨਾਂ ਦਾ ਭਰਪੂਰ ਸਵਾਗਤ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਉਪਰਾਲਿਆਂ ਤੋਂ ਏਨੇ ਉਤਸ਼ਾਹਿਤ ਹੋਏ ਹਨ ਕਿ ਉਹ ਤੀਸਰੇ ਕਬੱਡੀ ਕੱਪ ਦੇ 15 ਦਸੰਬਰ 2012 ਨੂੰ ਫਾਈਨਲ ਮੌਕੇ ਮੁੱਖ ਮਹਿਮਾਨ ਵਜੋਂ ਨਿੱਜੀ ਤੌਰ 'ਤੇ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਦੋਹਾਂ ਪੰਜਾਬਾਂ ਵਲੋਂ ਗਠਿਤ ਕੀਤੀ ਗਈ ਸਾਂਝੀ ਵਪਾਰ ਕਮੇਟੀ ਵਾਹਗਾ ਸਰਹੱਦ ਜ਼ਰੀਏ ਵਪਾਰ ਨੂੰ ਉਤਸ਼ਾਹਿਤ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਦੋਸਤੀ ਕੱਪ ਵਿਚ 27 ਦੇਸ਼ਾਂ ਦੇ ਅਥਲੀਟ 8-8 ਅਥਲੈਟਿਕ ਖੇਡ ਮੁਕਾਬਲਿਆਂ ਤੋਂ ਇਲਾਵਾ ਫੁੱਟਬਾਲ, ਅਤੇ ਟੇਬਲ ਟੈਨਿਸ ਮੁਕਾਬਲਿਆਂ ਵਿਚ ਭਾਗ ਲੈਣਗੇ।
ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿ ਦੇ ਖਿਡਾਰੀ ਹਾਕੀ , ਕਬੱਡੀ, ਰੱਸਾਕੱਸ਼ੀ, ਅਤੇ ਕੁਸ਼ਤੀ ਮਕਾਬਲਿਆਂ ਵਿਚ ਭਿੜਨਗੇ। ਉਨ੍ਹਾਂ ਅੱਗੇ ਦੱਸਿਆ ਕਿ ਦੋਸਤੀ ਕੱਪ ਵਿਚ ਦੋਹਾਂ ਦੇਸ਼ਾਂ ਦੇ ਗੂੰਗੇ ਅਤੇ ਬੋਲੇ ਖਿਡਾਰੀ ਕ੍ਰਿਕਟ, ਕਬੱਡੀ, ਕੁਸ਼ਤੀ , ਬੈਡਮਿੰਟਨ ਵਿਚ ਪੁਰਸ਼ ਵਰਗ ਦੇ ਮੁਕਾਬਲਿਆਂ ਵਿਚ ਜਦੋਂ ਕਿ ਟੇਬਲ ਟੈਨਿਸ ਤੇ ਸ਼ਤਰੰਜ ਵਿਚ ਮਹਿਲਾ ਖਿਡਾਰਨਾਂ ਹਿੱਸਾ ਲੈਣਗੀਆਂ । ਸ੍ਰੀ ਸ਼ਰੀਫ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪਾਕਿ ਪੰਜਾਬ ਦੀ ਧਰਤੀ 'ਤੇ 1381 ਖਿਡਾਰੀਆਂ , ਕੋਚਾਂ ਤੇ ਟੀਮ ਮੈਨੇਜ਼ਰਾਂ ਦਾ ਖੇਡ ਦਲ ਪਹੁੰਚਿਆ ਹੈ। ਇਸ ਤੋਂ ਪਹਿਲਾਂ ਪ੍ਰਸਿੱਧ ਮੰਚ ਸੰਚਾਲਕ ਸ਼ਾਹਿਰ ਲੋਧੀ ਦੀ ਮੰਚ ਸੰਚਾਲਨਾ ਦੇ ਨਾਲ-ਨਾਲ ਸਮੁੱਚਾ ਕੌਮੀ ਹਾਕੀ ਸਟੇਡੀਅਮ ਲੇਜ਼ਰ ਸ਼ੋਅ ਨਾਲ ਜਗਮਗਾ ਉੱਠਿਆ। ਇਸ ਮੌਕੇ ਸ. ਬਾਦਲ ਤੇ ਸ਼੍ਰੀ ਸ਼ਰੀਫ ਨੇ 27 ਦੇਸ਼ਾਂ ਦੇ ਦਲ ਤੋਂ ਇਕ ਪ੍ਰਭਾਵਸ਼ਾਲੀ ਮਾਰਚ ਪਾਸਟ ਵਿਚ ਸਲਾਮੀ ਲਈ। ਇਹ ਖੇਡਾਂ 15 ਨਵੰਬਰ ਤੱਕ ਜਾਰੀ ਰਹਿਣਗੀਆਂ।
No comments:
Post a Comment