Monday 8 October 2012

ਪੀ.ਪੀ.ਪੀ ਨੂੰ ਵੱਡਾ ਝਟਕਾ-ਨਿਹਾਲ ਸਿੰਘ ਵਾਲਾ ਹਲਕੇ ਦੇ ਇੰਚਾਰਜ਼ ਅਤੇ 2 ਜਨਰਲ ਕੌਂਸਲ ਮੈਂਬਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅਤੇ ਮੀਤ ਪ੍ਰਧਾਨ ਤੇ ਬੁਲਾਰੇ ਸ. ਨਿਧੜਕ ਸਿੰਘ ਬਰਾੜ ਪੀ.ਪੀ.ਪੀ. ਦੇ ਆਗੂਆਂ ਸ. ਅਜੈਬ ਸਿੰਘ ਬਹੋਨਾ ਅਤੇ ਸ. ਮਲਕੀਤ ਸਿੰਘ ਖਾਈ ਦਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਵਾਗਤ ਕਰਦੇ ਹੋਏ।
ਚੰਡੀਗੜ੍ਹ, 8 ਅਕਤੂਬਰ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪੀਪਲਜ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਤਿੰਨ ਸੀਨੀਅਰ ਆਗੂਆਂ ਜਿਹਨਾਂ ਵਿੱਚ ਪੀ.ਪੀ.ਪੀ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ਼ ਸ. ਜਸਵਿੰਦਰ ਸਿੰਘ ਕੁੱਸਾ, ਅਤੇ ਪੀ.ਪੀ.ਪੀ ਦੀ ਜਨਰਲ ਕੌਂਸਲ ਦੇ ਦੋ ਮੈਂਬਰ ਸ. ਅਜੈਬ ਸਿੰਘ ਬਹੋਨਾ ਤੇ ਸ. ਮਲਕੀਤ ਸਿੰਘ ਖਾਈ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਹਾਜਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ। ਜਿਲ੍ਹਾ ਮੋਗਾ ਨਾਲ ਸਬੰਧਤ ਇੰਨਾ ਆਗੂਆਂ ਦੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਨਾਲ ਪੀ.ਪੀ.ਪੀ. ਪਾਰਟੀ ਦਾ ਜ਼ਿਲ੍ਹਾ ਮੋਗਾ 'ਚੋਂ ਮੁਕੰਮਲ ਸਫਾਇਆ ਹੋ ਗਿਆ ਹੈ।

ਸ. ਸੁਖਬੀਰ ਸਿੰਘ ਬਾਦਲ ਨੇ ਉਪਰੋਕਤ ਤਿੰਨੋ ਆਗੂਆਂ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਨਿੱਘਾ ਸਵਾਗਤ ਕੀਤਾ। ਸ. ਬਾਦਲ ਨੇ ਇਸ ਮੌਕੇ ਆਖਿਆ ਕਿ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ ਦੇ ਪੈਦਾਇਸ਼ ਸੀ ਅਤੇ ਹੁਣ ਜਦੋਂ ਸੂਬੇ 'ਚ ਕਾਂਗਰਸ ਹੀ ਦਮ ਤੋੜ ਰਹੀ ਹੈ ਤਾਂ ਦੋਵੇਂ ਪਾਰਟੀਆਂ ਇਕ ਦੂਸਰੇ ਦੀ ਹੋਂਦ ਬਚਾਉਣ ਲਈ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ। ਸ. ਬਾਦਲ ਨੇ ਕਿਹਾ ਕਿ ਇਸੇ ਕਾਰਨ ਹੀ ਪੰਜਾਬ ਹਿਤੈਸੀ ਲੋਕ ਅਤੇ ਉਸ ਦੀ ਪਾਰਟੀ ਦੇ ਸੀਨੀਅਰ ਆਗੂ ਪੀ.ਪੀ.ਪੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਆਗੂ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣਗੇ।  ਸ. ਬਾਦਲ ਨੇ ਆਖਿਆ ਕਿ ਇਹਨਾਂ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। 
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਬੁਲਾਰੇ ਸ. ਨਿਧੜਕ ਸਿੰਘ ਬਰਾੜ ਅਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਫਸਰ ਸ. ਚਰਨਜੀਤ ਸਿੰਘ ਬਰਾੜ ਨੇ ਵੀ ਸ. ਜਸਵਿੰਦਰ ਸਿੰਘ ਕੁੱਸਾ, ਸ. ਅਜੈਬ ਸਿੰਘ ਬਹੋਨਾ ਅਤੇ ਸ. ਮਲਕੀਤ ਸਿੰਘ ਖਾਈ ਦਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ।

No comments:

Post a Comment