Sunday 21 October 2012

ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਅੰਦਰ ਕੌਮੀ ਸ਼ਾਹ ਮਾਰਗ ਪ੍ਰੋਜੇਕਟਾਂ ਦੇ ਤੇਜ਼ੀ ਨਾਲ ਨਿਰਮਾਣ ਦੇ ਨਿਰਦੇਸ਼


  • ਚੰਡੀਗੜ੍ਹ-ਲੁਧਿਆਣਾ ਸੜਕ ਨੂੰ ਅੱਠ ਮਾਰਗੀਕਰਨ ਦੀ ਮਿਲੀ ਪ੍ਰਵਾਨਗੀ
ਚੰਡੀਗੜ੍ਹ, 21 ਅਕਤੂਬਰ : ਚੰਡੀਗੜ੍ਹ ਅਤੇ ਲੁਧਿਆਣਾ ਵਿਚਲੇ ਅਹਿਮ ਕੌਮੀ ਸ਼ਾਹ ਮਾਰਗ ਦੇ ਅੱਠ ਮਾਰਗੀਕਰਨ ਦਾ ਰਾਹ ਪੱਧਰਾ ਕਰਦਿਆਂ ਕੇਂਦਰ ਸਰਕਾਰ ਨੇ ਇਸ ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ। 
      ਇਹ ਜਾਣਕਾਰੀ ਕੌਮੀ ਸ਼ਾਹ ਮਾਰਗ ਅਥਾਰਿਟੀ (ਐਨ ਐਚ ਏ ਆਈ) ਦੇ ਪ੍ਰਤੀਨਿਧੀਆਂ ਵਲੋਂ  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਰਾਜ ਅੰਦਰ ਚਲ ਰਹੇ ਵੱਖ ਵੱਖ ਕੌਮੀ ਸ਼ਾਹ ਮਾਰਗ ਪ੍ਰੋਜੇਕਟਾਂ ਦੀ ਪ੍ਰਗਤੀ ਦੀ ਸਮੀਖਿਆ ਮੌਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੇਂਦਰੀ ਜ਼ਮੀਨੀ ਆਵਾਜਾਈ ਮੰਤਰਾਲੇ ਨੇ ਇਸ ਪ੍ਰੋਜੇਕਟ ਨੂੰ ਸਿਧਾਂਤਕ ਰੂਪ ਵਿਚ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਸਬੰਧ ਵਿਚ ਅੰਤਿਮ ਫੈਸਲਾ ਪੰਜਾਬ ਸਰਕਾਰ ਵਲੋਂ ਪੇਸ਼ ਕੀਤੀ ਜਾਣ ਵਾਲੀ ਵਿਸਥਾਰਿਤ ਪ੍ਰੋਜੇਕਟ ਰਿਪੋਰਟ ਉਪਰਾਂਤ ਲਿਆ ਜਾਵੇਗਾ। 
ਇਸ ਤੋਂ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਹਰ ਪੋਜੇਕਟ ਨੂੰ ਮੁਕੰਮਲ ਕਰਨ ਦੀ ਸਮਾਂ ਸੀਮਾਂ ਨਿਸ਼ਚਿਤ ਕਰਦਿਆਂ ਇੰਨਾਂ ਦੇ ਤੇਜ਼ੀ ਨਾਲ ਮੁਕੰਮਲ ਹੋਣ ਦੇ ਰਾਹ ਵਿਚ ਆ ਰਹੇ ਅੜਚਨਾਂ ਨੂੰ ਦੂਰ ਕਰਦਿਆਂ ਅਤੇ ਸਬੰਧਤ ਅਥਾਰਟੀਆਂ ਨੂੰ ਇਨਾਂ ਦੇ ਸਮੇਂ ਸਿਰ ਮੁਕੰਮਲ ਹੋਣ ਲਈ ਜਵਾਬਦੇਹ ਬਣਾਉਂਦਿਆਂ ਰਾਜ ਦੇ ਸਰਬ ਪੱਖੀ ਵਿਕਾਸ ਲਈ ਬੇਹੱਦ ਅਹਿਮੀਅਤ ਰੱਖਦੇ ਇੰਨਾ ਸ਼ਾਹ ਮਾਰਗਾਂ ਪੋਜੇਕਟਾਂ ਦੇ ਨਿਰਮਾਣ ਕਾਰਜ਼ ਨੂੰ ਤੇਜ਼ ਲੀਹਾਂ ਤੇ ਪਾ ਦਿੱਤਾ ਹੈ। 
      ਇਸ ਉੱਚ ਪੱਧਰੀ ਮੀਟਿੰਗ ਵਿਚ ਐਨ ਐਚ ਏ ਆਈ ਦੇ ਖੇਤਰੀ ਮੁੱਖੀ ਫੌਜ ਵਲੋਂ ਪੱਛਮੀ ਕਮਾਂਡ ਦੇ ਪ੍ਰਤੀਨਿਧੀਆਂ, ਸਬੰਧਤ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ, ਜੰਗਲਾਤ ਵਾਤਾਵਰਨ ਅਤੇ ਹੋਰ ਸਬੰਧਤ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੇ ਭਾਗ ਲਿਆ। ਮੀਟਿੰਗ ਵਿਚ ਸ. ਬਾਦਲ ਨੇ ਕੌਮੀ ਸ਼ਾਹ ਮਾਰਗ -1 ਦੇ 6 ਮਾਰਗੀਕਰਨ, ਕੌਮੀ ਸ਼ਾਹਮਾਰਗ-1 ਦੇ ਜਲੰਧਰ ਤੋਂ ਢਿਲਵਾਂ ਤੱਕ ਹਿੱਸੇ ਦੇ 6 ਮਾਰਗੀਕਰਨ, ਕੌਮੀ ਸ਼ਾਹਮਾਰਗ-1 ਏ ਦੇ ਜਲੰਧਰ ਤੋਂ ਪਠਾਨਕੋਟ ਤੱਕ ਚਾਰਮਾਰਗੀਕਰਨ, ਕੌਮੀ ਸ਼ਾਹਮਾਰਗ-15 ਦੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਚਾਰ ਮਾਰਗੀਕਰਨ, ਕੌਮੀ ਸ਼ਾਹਮਾਰਗ-95 ਦੇ ਲੁਧਿਆਣਾ ਤੋਂ ਤਲਵੰਡੀ ਤੱਕ 4 ਮਾਰਗੀਕਰਨ, ਕੌਮੀ ਸ਼ਾਹਮਾਰਗ-21 ਏ ਕੁਰਾਲੀ ਤੋਂ ਜ਼ੀਰਕਪੁਰ ਤੱਕ ਚਾਰ ਮਾਰਗੀਕਰਨ ਅਤੇ ਕੌਮੀ ਸ਼ਾਹਮਾਰਗ-152 ਦੇ ਅੰਬਾਲਾ ਤੋਂ ਚੰਡੀਗੜ੍ਹ ਤੱਕ 4 ਮਾਰਗੀਕਰਨ ਸਮੇਤ ਹਰ ਪ੍ਰੋਜੇਕਟ ਦੀ ਪ੍ਰਗਤੀ ਦਾ ਬਾਰੀਕੀ ਨਾਲ ਜਾਇਜਾ ਲਿਆ। 
      ਸ. ਬਾਦਲ ਨੇ ਕਿਹਾ ਕਿ ਕੌਮੀ ਸ਼ਾਹਮਾਰਗ-1 ਦੇ 6 ਮਾਰਗੀਕਰਨ ਲਈ ਉਹ ਜਲੰਧਰ ਵਿਖੇ 400 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਲਈ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਣਗੇ ਅਤੇ ਉਨ੍ਹਾਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਹਦਾਇਤ ਕੀਤੀ ਕੀ ਜਲੰਧਰ ਵਿਚ ਪੀ ਏ ਪੀ ਚੌਕ ਨੇੜੇ ਨਜ਼ਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਰੇਲਵੇ ਓਵਰਬ੍ਰਿਜ ਨੂੰ ਛੇਤੀ ਮੁਕੰਮਲ ਕੀਤਾ ਜਾ ਸਕੇ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਕੌਮੀ ਸ਼ਾਹਮਾਰਗ-1 ਤੇ ਲੁਧਿਆਣਾ ਵਿੱਚ ਇਕ ਵਾਧੂ ਪ੍ਰਵੇਸ਼ਕੀ ਅਤੇ ਬਾਹਰ ਜਾਣ ਦਾ ਰਾਸਤਾ ਬਣਾਇਆ ਜਾਵੇਗਾ। ਮੁਆਵਜ਼ੇ ਦੇ ਪੈਸੇ ਵੰਡਣ ਦੀ ਹੌਲੀ ਗਤੀ 'ਤੇ ਚਿੰਤਾ ਪ੍ਰਕਟ ਕਰਦਿਆਂ ਉਨ੍ਹਾਂ ਰਾਜਪੁਰਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਪੱਛਮੀ, ਲੁਧਿਆਣਾ ਪੂਰਬੀ, ਪਾਇਲ, ਫਗਵਾੜਾ ਅਤੇ ਫਿਲੌਰ ਦੇ ਉਪ ਮੰਡਲ ਅਧਿਕਾਰੀਆਂ ਨੂੰ ਇਹ ਕੰਮ 10 ਦਿਨਾਂ ਦੇ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। 
ਜਲੰਧਰ-ਢਿਲਵਾਂ ਸੈਕਸ਼ਨ ਦੇ 6 ਮਾਰਗੀਕਰਨ ਦੀ ਸਮੀਖਿਆ ਕਰਦਿਆਂ ਸ. ਬਾਦਲ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਕਰਤਾਰਪੁਰ ਨੇੜਲੇ ਖੇਤਰ ਦੇ ਮੁਆਵਜ਼ੇ ਦੇ ਮਾਮਲੇ ਨੂੰ ਛੇਤੀ ਹਲ ਕੀਤਾ ਜਾਵੇ। ਇਸੇ ਤਰ੍ਹਾਂ ਐਨ ਐਚ-1 ਏ ਦੇ ਜਲੰਧਰ ਤੋਂ ਪਠਾਨਕੋਟ ਤੱਕ ਚਾਰ ਮਾਰਗੀਕਰਨ ਦੇ ਮਾਮਲੇ ਵਿਚ ਲੋਕ ਨਿਰਮਾਣ ਵਿਭਾਗ ਨੇ ਇਹ ਭਰੋਸਾ ਦਿਵਾਇਆ ਕਿ ਉਹ ਪਿੰਡ ਢੱਕੀ ਨੇੜੇ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ ਐਨ ਐਚ ਏ ਆਈ ਨੂੰ ਸੌਂਪ ਦੇਣਗੇ ਅਤੇ ਫੌਜ ਦੇ ਅਧਿਕਾਰੀਆਂ ਵਲੋਂ ਵੀ ਫਿਲੌਰ ਅਤੇ ਨੰਗਲ ਨੇੜੇ 48 ਏਕੜ ਜ਼ਮੀਨ ਤਬਦੀਲ ਕਰਨ ਦਾ ਭਰੌਸਾ ਦਿੱਤਾ ਗਿਆ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡ ਚੌਲਾਂਗ ਨੇੜੇ ਇਕ ਅੰਡਰ ਪੱਥ ਦਾ ਨਿਰਮਾਣ ਕੀਤਾ ਜਾਵੇਗਾ। 
       ਉਪ ਮੁੱਖ ਮੰਤਰੀ ਨੇ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਨੂੰ ਗੁੰਮ ਖਸਰਾ ਨੰਬਰਾਂ ਦੀ ਸਮੱਸਿਆ ਦਾ ਨਿਪਟਾਰਾ ਕਰਨ ਲਈ ਕਿਹਾ ਅਤੇ ਪਾਵਰਕਾਮ ਨੂੰ ਕੌਮੀ ਸ਼ਾਹਮਾਰਗ ਦੇ ਰਾਹ ਵਿੱਚ ਆਉਂਦਿਆਂ ਸਾਰੀਆਂ ਲਾਈਨਾਂ ਨੂੰ ਵੀ ਪਰ੍ਹੇ ਹਟਾਉਣ ਲਈ ਨਿਰਦੇਸ਼ ਦਿੱਤੇ। ਕੌਮੀ ਸ਼ਾਹਮਾਰਗ 95 ਦੇ ਚਾਰ ਮਾਰਗੀਕਰਨ ਦੀ ਹੌਲੀ ਗਤੀ ਤੇ ਚਿੰਤਾ ਜ਼ਾਹਿਰ ਕਰਦਿਆਂ ਸ. ਬਾਦਲ ਨੇ ਵਿੱਤ ਕਮਿਸ਼ਨਰ ਜੰਗਲਾਤ ਨੂੰ ਜੰਗਲਾਤ ਨਾਲ ਸਬੰਧਤ ਅਤੇ ਪ੍ਰਮੁੱਖ ਸਕੱਤਰ ਸਿੰਜ਼ਾਈ ਨੂੰ ਸਾਹਮਾਰਗ ਤੇ ਆਉਣ ਵਾਲੇ ਪੁਲਾਂ ਦੇ ਡਿਜ਼ਾਇਨਾਂ ਨੂੰ ਤੁਰੰਤ ਅੰਤਿਮ ਰੂਪ ਦੇਣ ਲਈ ਕਿਹਾ। ਕੌਮੀ ਸ਼ਾਹ ਮਾਰਗ 21 ਦੇ ਕੁਰਾਲੀ-ਜ਼ੀਰਕਪੁਰ ਹਿੱਸੇ ਦੇ ਤੇਜ਼ੀ ਨਾਲ ਚਾਰ ਮਾਰਗੀ ਕਰਨ ਦੀ ਲੋੜ ਤੇ ਜ਼ੋਰ ਦਿੰਦਿਆ ਸ. ਬਾਦਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਐਕਵਾਇਰ ਕਰਨ ਦੀ ਪ੍ਰਕ੍ਰਿਆ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਅਤੇ ਆਬਕਾਰੀ ਅਤੇ ਕਰ ਵਿਭਾਗ ਨੂੰ ਆਪਣਾ ਬੈਰੀਅਰ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ  ਕੌਮੀ ਸ਼ਾਹਮਾਰਗ 152 ਦੇ ਅੰਬਾਲਾ-ਚੰਡੀਗੜ੍ਹ ਹਿੱਸੇ ਦੇ ਵੀ ਤੇਜ਼ੀ ਨਾਲ ਮੁਕੰਮਲੀਕਰਨ ਦੀ ਲੋੜ ਦੇ ਜ਼ੋਰ ਦਿੱਤਾ। 
      ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿਲੋਂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਸਕੱਤਰ ਲੋਕ ਨਿਰਮਾਣ ਸ੍ਰੀ ਪੀ ਐਸ ਔਜਲਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਅਜੈ ਕੁਮਾਰ ਮਹਾਜਨ, ਐਨ ਐਚ ਏ ਆਈ, ਰੱਖਿਆ ਵਿਭਾਗ, ਜੰਗਲਾਤ, ਬਿਜ਼ਲੀ, ਸਿੰਜ਼ਾਈ ਅਤੇ ਸੀਵਰੇਜ਼ ਆਦਿ ਵਿਭਾਗਾਂ ਦੇ ਪ੍ਰਤੀਨਿਧਿਆਂ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਗੁਰਦਾਸਪੂਰ, ਰੂਪਨਗਰ ਅਤੇ ਮੋਗਾ ਦੇ ਡਿਪਟੀ ਕਮਿਸ਼ਨਰਾਂ ਨੇ ਹਿੱਸਾ ਲਿਆ।

No comments:

Post a Comment