Friday 12 October 2012

ਕੇਂਦਰ 'ਤੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਵਿਚ ਅਸਫਲ-ਸੁਖਬੀਰ ਸਿੰਘ ਬਾਦਲ


  • ਰਾਹੁਲ ਦੀ ਪੰਜਾਬ ਫੇਰੀ ਪੂਰੀ ਤਰ੍ਹਾਂ ਸਿਆਸੀ ਅਤੇ ਲੋਕਾਂ ਦਾ ਵਾਡਰਾਗੇਟ ਤੋਂ ਧਿਆਨ ਲਾਂਭੇ ਕਰ ਦਾ ਯਤਨ। 
  • ਕਾਂਗਰਸੀ ਆਗੂਆਂ ਸਮੇਤ ਸਮੂਹ ਆਗੂਆਂ ਨੂੰ ਦਰਪੇਸ਼ ਖਤਰੇ ਮੁਤਾਬਕ ਸੁਰੱਖਿਆ ਛਤਰੀ।
ਚੰਡੀਗੜ੍ਹ, 12 ਅਕਤੂਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਵਲੋਂ ਦਿੱਤੇ ਗਏ ਇਹ ਬਿਆਨ ਕਿ ਪੰਜਾਬ ਦੇ 10 ਚੋਂ 7 ਨੌਜੁਆਨ ਨਸ਼ੇੜੀ ਹਨ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਹੈ ਕਿ ਉਸਨੇ ਇਸ ਅਧਾਰਹੀਨ ਅਤੇ ਵਧਾ ਚੜ੍ਹਾ ਕੇ ਕੀਤੀ ਬਿਆਨਬਾਜ਼ੀ ਨਾਲ ਪੰਜਾਬ ਦੀ 52 ਫੀਸਦੀ ਨੌਜੁਆਨ ਵਸੋਂ ਦੀ ਬੇਇੱਜਤੀ ਕੀਤੀ ਹੈ।
ਅੱਜ ਇਥੇ ਸੀ.ਆਈ.ਆਈ ਵਲੋਂ ਬਿਜਲੀ ਦੇ ਮੁੱਦੇ 'ਤੇ ਕਰਵਾਈ ਗਈ ਕਾਨਫਰੰਸ ਦੀ ਪ੍ਰਧਾਨਗੀ ਕਰਨ ਉਪਰੰਤ ਪੱਤਰਕਾਰਾਂ ਨਾਲ ਗਲ ਕਰਦਿਆਂ ਸ. ਬਾਦਲ ਨੇ ਕਾਂਗਰਸ ਦੇ ਜਨਰਲ ਸਕੱਤਰ ਦੇ ਇਸ ਗੈਰ-ਜਿੰਮੇਵਾਰਾਨਾ ਬਿਆਨ ਨੂੰ ਮੀਡੀਆ ਅਤੇ ਆਮ ਲੋਕਾਂ ਦਾ ਧਿਆਨ ਚਰਚਿਤ ਵਾਡਰਾਗੇਟ ਅਤੇ ਕੋਲਗੇਟ ਤੋਂ ਲਾਂਭੇ ਕਰਨ ਦਾ ਇਕ ਯਤਨ ਕਰਾਰ ਦਿੱਤਾ ਹੈ। ਉਨ੍ਹਾਂ ਸ਼੍ਰੀ ਰਾਹੁਲ ਗਾਂਧੀ ਦੀ ਇਸ ਫੇਰੀ ਨੂੰ ਪੂਰੀ ਤਰ੍ਹਾਂ ਇਕ ਸਿਆਸੀ ਫੇਰੀ ਕਰਾਰ ਦਿੰਦਿਆਂ ਕਿਹਾ ਕਿ ਇਹ ਬਿਆਨ ਦੇ ਕੇ ਉਨ੍ਹਾਂ ਪੰਜਾਬ ਕਾਂਗਰਸ ਅੰਦਰ ਚਲ ਰਹੀ ਖਿਚੋਤਾਣ 'ਤੇ ਪਰਦਾ ਪਾਉਣ ਦਾ ਯਤਨ ਕੀਤਾ ਹੈ।
ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਵੱਧ ਰਹੀ ਤਸਕਰੀ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਿੰਮੇਵਾਰ ਠਹਿਰਾਉਂਦਿਆਂ ਸ. ਬਾਦਲ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਕੇਂਦਰੀ ਗ੍ਰਹਿ ਵਿਭਾਗ ਦੇ ਸਿੱਧੇ ਨਿਯੰਤਰਨ ਹੇਠ ਹਨ ਅਤੇ ਪੰਜਾਬ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਵਾਧੇ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਕਤ ਕੇਂਦਰੀ ਸੁਰੱਖਿਆ ਦਲ ਆਪਣੇ ਫਰਜ਼ਾਂ ਨੂੰ ਪੂਰੀ ਤਰ੍ਹਾਂ ਨਿਭਾਉਣ ਵਿਚ ਅਸਫਲ ਰਿਹਾ ਹੈ। ਉਹਨਾਂ ਕਿਹਾ ਕਿ ਪੱਛਮੀ ਸਰਹੱਦਾਂ ਦੀ ਨਾਜੁਕਤਾ ਬਾਰੇ ਇਥੋਂ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੀਆਂ ਗਈਆਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀਆਂ ਸਮੁੱਚੇ ਦੇਸ਼ ਅੰਦਰ ਹੋ ਰਹੀਆਂ ਬਰਾਮਦਗੀਆਂ ਤੋਂ 50 ਫੀਸਦੀ ਤੋਂ ਜਿਆਦਾ ਹਨ। ਉਨ੍ਹਾਂ ਕਿਹਾ ਕਿ ਇਹ ਲਾਜ਼ਮੀ ਬਣ ਗਿਆ ਹੈ ਕਿ ਕੇਂਦਰ ਸਰਕਾਰ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਜਾਅਲੀ ਕਰੰਸੀ ਦੇ ਭੈੜ ਨੂੰ ਖਤਮ ਕਰਨ ਲਈ ਪਾਕਿਸਤਾਨ ਲਗਦੀ ਕੌਮਾਂਤਰੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰੇ।
ਕਾਂਗਰਸ ਆਗੂਆਂ ਵਲੋਂ ਉਨ੍ਹਾਂ ਦੀ ਸੁਰੱਖਿਆ ਛਤਰੀ ਘਟਾਏ ਜਾਣ ਦੀਆਂ ਸ਼ਿਕਾਇਤਾਂ ਬਾਰੇ ਪੁੱਛੇ ਜਾਣ 'ਤੇ ਸ. ਬਾਦਲ ਨੇ ਕਿਹਾ ਕਿ ਸੁਰੱਖਿਆ ਛੱਤਰੀ ਦਾ ਫੈਸਲਾ ਇਕ ਕਮੇਟੀ ਵਲੋਂ ਕੀਤਾ ਜਾਂਦਾ ਹੈ ਜਿਸ ਵਿਚ ਕੇਂਦਰੀ ਏਜੰਸੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੁੰਦੇ ਹਨ ਅਤੇ ਹਰ ਆਗੂ ਨੂੰ ਦਰਪੇਸ਼ ਖਤਰੇ ਦੇ ਮੱਦੇ ਨਜ਼ਰ ਉਸ ਦੀ ਸੁਰੱਖਿਆ ਘਟਾਉਣ ਜਾਂ ਵਧਾਉਣ ਦਾ ਨਿਰਣਾ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਰਾਜ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਿਚ ਕੋਈ ਫਰਕ ਨਹੀਂ ਕਰ ਰਹੇ ਅਤੇ ਰਾਜ ਦੇ ਹਰ ਨਾਗਰਿਕ ਦੀ ਸੁਰੱਖਿਆ ਉਹਨਾਂ ਦੀ ਜਿੰਮੇਵਾਰੀ ਹੈ।

No comments:

Post a Comment