Wednesday 24 October 2012

ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿਚ ਸੋਲਰ ਪਾਵਰ ਕਲੱਸਟਰ ਸਥਾਪਿਤ ਕਰੇਗੀ-ਸੁਖਬੀਰ ਸਿੰਘ ਬਾਦਲ


•        ਖੇਤੀ ਟਿਊਬਵੈਲਾਂ ਨੂੰ ਚਲਾਇਆ ਜਾਵੇਗਾ ਸੂਰਜੀ ਊਰਜਾ ਰਾਹੀਂ
•        ਉਪ ਮੁੱਖ ਮੰਤਰੀ ਨੇ ਬਾਇਓਮਾਸ ਤੇ ਸੌਰ ਊਰਜਾ ਤੋਂ ਅਗਲੇ ਦੋ ਸਾਲਾਂ ਦੌਰਾਨ 1000 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਮਿਥਿਆ
•        ਗੈਰ ਰਵਾਇਤੀ ਊਰਜਾ ਖੇਤਰ ਵਿਚ ਵੱਡੇ ਨਿਵੇਸ਼ ਲਈ ਅਧਿਕਾਰੀਆਂ ਨੂੰ ਵਿਸਥਾਰਿਤ ਰਿਪੋਰਟ ਦੇਣ ਦੇ ਹੁਕਮ
ਚੰਡੀਗੜ੍ਹ, 24 ਅਕਤੂਬਰ
ਪੰਜਾਬ ਸਰਕਤਾਰ ਨੇ ਖੇਤੀ ਖੇਤਰ ਵਾਲੀਆਂ ਮੋਟਰਾਂ/ਟਿਊਬਵੈਲਾਂ ਨੂੰ ਸੂਰਜੀ ਊਰਜਾ ਰਾਹੀਂ ਚਲਾਉਣ ਲਈ ਪੇਂਡੂ ਖੇਤਰਾਂ ਵਿਚ ਸੋਲਰ ਪਾਵਰ ਕਲੱਸਟਰ ਬਣਾਏ ਜਾਣ ਦਾ ਫੈਸਲਾ ਲਿਆ ਹੈ।
ਰਾਜ ਵਿਚ ਬਾਇਓਮਾਸ ਤੇ ਸੂਰਜੀ ਊਰਜਾ ਪਲਾਂਟਾਂ ਰਾਹੀਂ ਬਿਜਲੀ ਉਤਪਾਦਨ ਸਬੰਧੀ ਕੰਮਕਾਜ਼ ਦਾ ਨਿਰੀਖਣ ਕਰਦੇ ਹੋਏ ਉਪ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ 'ਤੇ ਵੱਡਾ ਖਰਚ ਕਰਦੀ ਹੈ, ਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੋਟਰਾਂ/ਟਿਊਬਵੈਲਾਂ ਲਈ ਸੂਰਜੀ ਊਰਜਾ ਰਾਹੀਂ ਉਤਪਾਦਿਤ ਬਿਜਲੀ ਮੁਹੱਈਆ ਕਰਵਾਕੇ ਜਿੱਥੇ ਵੱਡਾ ਵਿੱਤੀ ਬੋਝ ਘੱਟ ਹੋ ਸਕਣ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ, ਉੱਥੇ ਹੀ ਇਸ ਨਾਲ ਸਵੱਛ ਊਰਜਾ ਦੀ ਵਰਤੋਂ ਨਾਲ ਵਾਤਾਵਰਨ ਸੰਭਾਲ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਗੈਰ ਰਵਾਇਤੀ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਕਿ ਉਹ ਪੇਂਡੂ ਖੇਤਰਾਂ ਵਿਚ ਪ੍ਰਸਤਾਵਿਤ ਸੋਲਰ ਪਾਵਰ ਕਲੱਸਟਰਾਂ ਦੇ ਸਾਰੇ ਪੱਖਾਂ ਬਾਰੇ ਪੂਰੀ ਤਰ੍ਹਾਂ ਨਿਰੀਖਣ ਕਰਨ। ਸ. ਮਜੀਠੀਆ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਪੇਡਾ ਵਲੋਂ ਸੂਬੇ ਵਿਚ ਸੋਲਰ ਪਾਵਰ ਪਲਾਂਟਾਂ ਵਿਚ ਵੱਡੇ ਨਿਵੇਸ਼ ਲਈ  ਕੰਡੀ ਖੇਤਰ ਦੇ ਨਾਲ-ਨਾਲ ਗੁਰਦਾਸਪੁਰ ਦੇ ਕਲਾਨੌਰ ਵਿਖੇ 'ਲੈਂਡ ਪੂਲ' ਬਣਾਏ ਜਾਣ ਦਾ ਵਿਚਾਰ ਰੱਖਦੀ ਹੈ।
ਸ. ਬਾਦਲ ਨੇ ਪੇਡਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੋਲਰ ਪਾਵਰ ਪਲਾਂਟਾਂ,ਬਾਇਓਮਾਸ ਪਲਾਂਟਾਂ  ਦੀ ਸਥਾਪਨਾ ਦੇ ਕੰਮ ਵਿਚ ਸੁਸਤੀ ਲਈ ਜਿੰਮੇਵਾਰ ਕਾਰਨਾਂ ਦਾ ਪਤਾ ਲਾ ਕੇ ਉਨਾੰ ਨੂੰ ਤੁਰੰਤ ਦੂਰ ਕਰਨ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਰਾਜ ਵਿਚ ਗੁਜਰਾਤ ਤੇ ਰਾਜਸਥਾਨ ਦੀ ਤਰਜ਼ 'ਤੇ ਗੈਰ ਰਵਾਇਤੀ ਊਰਜਾ ਪ੍ਰਾਜੈਕਟ ਸਥਾਪਿਤ ਕਰਨਾ ਮੁੱਖ ਲੋੜ ਹੈ। ਉਨ੍ਹਾਂ ਪੇਡਾ ਦੇ ਅਧਿਕਾਰੀਆਂ ਨੂੰ ਟੀਚਾ ਦਿੱਤਾ ਕਿ ਉਹ ਬਾਇਓਮਾਸ ਤੇ ਸੋਲਰ ਪਾਵਰ ਪਲਾਂਟਾਂ ਰਾਹੀਂ 500-500 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਅਗਲੇ ਦੋ ਸਾਲ ਦੇ ਅੰਦਰ-ਅੰਦਰ ਪੂਰਾ ਕਰਨ।
ਸ. ਬਾਦਲ ਨੇ ਅਧਿਕਾਰੀਆਂ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਗੈਰ ਰਵਾਇਤੀ ਊਰਜਾ ਪ੍ਰਾਜੈਕਟ ਵਿਚ ਬੇਲੋੜੀ ਦੇਰੀ ਕਰਨ ਵਾਲੀਆਂ ਕੰਪਨੀਆਂ ਨੂੰ ਅਲਾਟ ਕੀਤੇ ਪ੍ਰਾਜੈਕਟ ਰੱਦ ਕਰ ਦੇਣ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਖੇਤਰ ਵਿਚ ਵੱਡੇ ਨਿਵੇਸ਼ਕਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਕੇ 2 ਤੋਂ 25 ਮੈਗਾਵਾਟ ਤੱਕ ਦੇ ਪ੍ਰਾਜੈਕਟ ਅਲਾਟ ਕੀਤੇ ਜਾਣ।   
ਇਸ ਮੌਕੇ ਸ. ਮਜੀਠੀਆ ਨੇ ਦੱਸਿਆ ਕਿ ਪੇਡਾ ਵਲੋਂ ਜਲਦ ਹੀ 400 ਮੈਗਾਵਾਟ ਦੇ ਗੈਰ ਰਵਾਇਤੀ ਊਰਜਾ ਪ੍ਰਾਜੈਕਟਾਂ ਲਈ ਬੋਲੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਨਹਿਰਾਂ ਕਿਨਾਰੇ ਸੋਲਰ ਪੈਨਲ ਤੇ  ਇਮਾਰਤਾਂ ਦੀਆਂ ਛੱਤਾਂ 'ਤੇ ਸੌਰ ਊਰਜਾ ਪ੍ਰਾਜੈਕਟ ਸਥਾਪਿਤ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਛੱਤਾਂ 'ਤੇ ਸੌਰ ਊਰਜਾ ਪਲਾਂਟ ਲਾ ਕੇ 50 ਮੈਗਾਵਾਟ ਅਤੇ ਨਹਿਰਾਂ ਕੰਢੇ ਸੋਲਰ ਪੈਨਲਾਂ ਰਾਹੀਂ 500 ਮੈਗਾਵਾਟ ਬਿਜਲੀ ਉਤਪਾਦਨ ਦੀਆਂ ਸੰਭਾਵਨਾਵਾਂ ਹਨ।
ਇਸ ਮੌਕੇ ਮੁੱਖ ਤੌਰ 'ਤੇ ਸੀ ਰਾਊਲ, ਪ੍ਰਿੰਸੀਪਲ ਸਕੱਤਰ ਸਾਇੰਸ ਤੇ ਤਕਨਾਲੌਜੀ, ਵਿਸ਼ੇਸ਼ ਸਕੱਤਰ ਸਾਇੰਸ ਤੇ ਤਕਨਾਲੌਜੀ ਭਾਵਨਾ ਗਰਗ ਤੇ ਪੇਡਾ ਦੇ ਸੀ. ਈ.ਓ. ਟੀ.ਪੀ.ਐਸ. ਸਿੱਧੂ ਹਾਜ਼ਰ ਸਨ।

No comments:

Post a Comment