Wednesday 17 October 2012

ਪੰਜਾਬ ਜਲਦ ਲਾਗੂ ਕਰੇਗਾ ਫੂਡ ਪ੍ਰੋਸੈਸਿੰਗ ਪਾਲਸੀ-ਸੁਖਬੀਰ ਸਿੰਘ ਬਾਦਲ



  • ਕਿਸਾਨਾਂ ਨੂੰ ਕਣਕ ਅਤੇ ਝੋਨੇ ਦੈ ਫ਼ਸਲੀ ਚੱਕਰ 'ਚੋਂ ਕੱਢਣ 'ਤੇ ਜ਼ੋਰ
  • ਪੰਜਾਬ ਸਰਕਾਰ ਨੇ ਖੇਤੀ ਵਿਭਿੰਨਤਾ ਲਿਆਉਣ ਲਈ ਅਹਿਮ ਕਦਮ ਪੁੱਟੇ
  • ਸੁਖਬੀਰ ਸਿੰਘ ਬਾਦਲ ਵੱਲੋਂ ਪੀ.ਏ.ਯੂ ਨੂੰ ਖੇਤੀ ਵਿਭਿੰਨਤਾ ਕ੍ਰਾਂਤੀ ਲਿਆਉਣ ਦਾ ਸੱਦਾ
ਲੁਧਿਆਣਾ, 17 ਅਕਤੂਬਰ - ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਜਲਦ ਹੀ ਫੂਡ ਪ੍ਰੋਸੈਸਿੰਗ ਪਾਲਸੀ ਲਿਆ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 50ਵੇਂ ਵਰ੍ਹੇ ਗੰਢ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੀ.ਏ.ਯੂ ਨੇ ਮਾਰਗ-ਦਰਸ਼ਕ ਬਣਦਿਆਂ ਭਾਰਤ ਦੇ ਅਨਾਜ ਦੇ ਖੇਤਰ ਵਿੱਚ ਆਤਮ-ਨਿਰਭਰ ਬਣਨ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਉਹਨਾਂ ਪੀ.ਏ.ਯੂ ਨੂੰ ਮੁੜ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਖੇਤੀ ਵਿਭਿੰਨਤਾ ਸਮੇਂ ਦੀ ਮੁੱਖ ਮੰਗ ਹੈ ਅਤੇ ਪੀ.ਏ.ਯੂ ਨੂੰ ਇਸ ਵਿੱਚ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਚੋਂ ਕੱਢ ਕੇ ਹੋਰ ਲਾਹੇਵੰਦ ਫ਼ਸਲਾਂ ਵੱਲ ਪ੍ਰੇਰਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਰਿਹਾ ਹੈ, ਜੋ ਕਿ ਪੰਜਾਬ ਦੀ ਉਪਜਾਊ ਧਰਤੀ ਲਈ ਬਹੁਤ ਹੀ ਖਤਰਨਾਕ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਣਕ-ਝੋਨੇ ਦੀ ਵੱਧ ਪੈਦਾਵਾਰ ਕਰਨ ਦੇ ਰੁਝਾਨ ਨੇ ਪੰਜਾਬ ਦੀ ਧਰਤੀ ਵਿਚਲੀ ਕੁਦਰਤੀ ਸ਼ਕਤੀ ਨੂੰ ਵੱਡੇ ਪੱਧਰ ਤੇ ਖੋਰਾ ਲਾਇਆ ਹੈ, ਜਿਸ ਵੱਲ ਕੇਂਦਰ ਸਰਕਾਰ ਦੀ ਭੋਰਾ ਵੀ ਤਵੱਜੋਂ ਨਹੀਂ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਦੇ ਅਥਾਹ ਯਤਨਾਂ ਅਤੇ ਕੇਂਦਰ ਸਰਕਾਰ ਕੋਲ ਵਾਰ-ਵਾਰ ਮੁੱਦਾ ਉਠਾਏ ਜਾਣ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੂੰ ਉਹਨਾਂ ਦੀਆਂ ਫਸਲਾਂ ਦੇ ਵਾਜਬ ਰੇਟ ਨਹੀ ਮਿਲ ਰਹੇ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਲਾਹੇਵੰਦ ਤੇ ਵੱਧ ਮੁਨਾਫ਼ੇ ਵਾਲੀਆਂ ਫਸਲਾਂ ਦੀ ਖੇਤੀ ਕਰਨ। 
ਸ. ਬਾਦਲ ਨੇ ਕਿਹਾ ਕਿ ਵਾਹਘਾ ਵਾਰਡਰ ਦੇ ਖੁੱਲ੍ਹਣ ਨਾਲ ਸਬਜ਼ੀਆਂ ਦੀ ਕਾਸਤ ਨੂੰ ਵੱਡਾ ਹੁਲਾਰਾ ਮਿਲੇਗਾ, ਕਿਉਕਿ ਪਕਿਸਤਾਨ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਣ ਵਾਲੀਆਂ ਫਲਾਂ ਅਤੇ ਸਬਜ਼ੀਆਂ ਦੀ ਮੁਕੰਮਲ ਨਿਰਯਾਤ ਕਰਨ ਦਾ ਹੁੰਗਾਰਾ ਭਰਿਆ ਹੈ। ਉਹਨਾਂ ਕਿਹਾ ਕਿ ਉਹ ਆਉਣ ਵਾਲੇ ਮਹੀਨੇ ਦੌਰਾਨ ਸੜਕੀ ਮਾਰਗ ਰਾਹੀਂ ਪਕਿਸਤਾਨ ਜਾ ਕੇ ਪੰਜਾਬ ਤੋਂ ਫਸਲਾਂ ਦੀ ਨਿਰਯਾਤ ਨੂੰ ਅਮਲੀ ਜਾਮਾ ਪਹਿਨਾਉਣ ਲਈ ਗੱਲਬਾਤ ਕਰਨਗੇ।ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਨਿਰਯਾਤ ਨੂੰ ਉਤਸ਼ਾਹਤ ਕਰਨ ਲਈ ਕਿਸਾਨਾਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਵੱਧ ਤੋਂ ਵੱਧ ਕਾਸ਼ਤ ਤੇ ਪੈਦਾਵਾਰ ਕਰਨ ਲਈ ਸਿਖਿਅਤ ਅਤੇ ਜਾਗਰੂਕ ਕਰੇ। 
ਸ. ਬਾਦਲ ਨੇ ਫੂਡ ਅਤੇ ਐਗਰੋ ਪ੍ਰੋਸੈਸਿੰਗ ਪਾਲਸੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਇਸ ਸਬੰਧੀ ਵੱਡੀਆਂ ਉਦਯੋਗਿਕ ਇਕਾਈਆਂ ਦੀ ਇੱਕ ਸਬ-ਕਮੇਟੀ ਬਣਾ ਦਿੱਤੀ ਗਈ ਹੈ, ਜੋ ਨਵੰਬਰ ਤੱਕ ਆਪਣੀ ਰਿਪੋਰਟ ਪੇਸ਼ ਕਰ ਦੇਵਗੀ ਅਤੇ ਮਹੀਨਾ ਦਸੰਬਰ ਵਿੱਚ ਉਹ ਭਾਰਤ ਦੇ ਵੱਖ-ਵੱਖ ਹਿੱਸਿਆ ਵਿੱਚ ਰੋਡ-ਸ਼ੋਅ ਕਰਨਗੇ ਅਤੇ ਇਸ ਤੋਂ ਇਲਾਵਾ ਅਮਰੀਕਾਂ, ਬਰਤਾਨੀਆਂ ਅਤੇ ਕਨੈਡਾ ਦਾ ਦੌਰਾ ਕਰਕੇ ਬਹੁ-ਮਲਟੀ ਨੈਸ਼ਨਲ ਕੰਪਨੀਆਂ ਨੂੰ ਆਪਣੇ ਯੂਨਿਟ ਸਥਾਪਤ ਕਰਨ ਦਾ ਸੱਦਾ ਦੇਣਗੇ। 
ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਖੇਤੀ ਵਿਭਿੰਨਤਾ ਸਬੰਧੀ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਨੂੰ ਸਫ਼ਲ ਬਨਾਉਣ ਲਈ ਪਹਿਲਾ ਹੀ 5 ਹਜ਼ਾਰ ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਮੰਗੀ ਗਈ ਹੈ।
ਸ. ਬਾਦਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਖੇਤੀਬਾੜੀ ਦਾ ਜੰਗੀ ਪੱਧਰ ਤੇ ਵਿਕਾਸ ਕਰਨ ਲਈ ਸੱਦਾ ਦਿੰਦਿਆਂ ਕਿਹਾ ਕਿ ਰਾਜ ਦੇ ਕਿਸਾਨਾਂ ਨੂੰ ਵਿਸ਼ਵ ਪੱਧਰੀ ਨਵੀਆਂ ਖੇਤੀਬਾੜੀ ਖੋਜਾਂ, ਨਵੇਂ ਬੀਜਾਂ ਆਦਿ ਬਾਰੇ ਜਾਣਕਾਰੀ ਦੇਣ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿੱਚ ਹੁਣ ਸਾਡਾ ਅੰਤਰ-ਰਾਸ਼ਟਰੀ ਪੱਧਰ ਦੀਆਂ ਬੀਜ਼ ਕੰਪਨੀਆਂ ਨਾਲ ਸਿੱਧਾ ਮੁਕਾਬਲਾ ਹੈ।

ਉਪ ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਯੂਨੀਵਰਸਿਟੀ ਮਸਲਿਆਂ ਸਬੰਧੀ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਲਈ ਵਿਸਥਾਰ ਪੂਰਵਿਕ ਤਜ਼ਵੀਜ਼ ਉਹਨਾਂ ਨੂੰ ਭੇਜਣ। 
ਇਸ ਤੋਂ ਪਹਿਲਾ ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜ ਦੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਚੁੱਕਣ ਵਿੱਚ ਕੋਈ ਦੇਰੀ ਨਹੀਂ ਹੋ ਰਹੀ। ਉਹਨਾਂ ਕਿਹਾ ਇਸ ਸਬੰਧੀ ਉਹਨਾਂ ਵੱਲੋਂ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਝੋਨੇ ਦੀ ਖਰੀਦ ਅਤੇ ਲਿਫਟਿੰਗ ਪ੍ਰਕਿਰਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਿੱਜੀ ਤੌਰ ਤੇ ਧਿਆਨ ਦੇਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਝੋਨੇ ਦੀ ਖਰੀਦ ਪ੍ਰਕਿਰਿਆਂ ਵਿੱਚ ਕਿਸੇ ਤਰਾਂ ਦੀ ਵੀ ਕੁਤਾਹੀ ਲਈ ਜਿਲੇ ਦਾ ਡਿਪਟੀ ਕਮਿਸ਼ਨਰ ਜਿੰਮੇਵਾਰ ਹੋਵੇਗਾ। 
ਇਸ ਮੌਕੇ ਤੇ ਸ. ਬਾਦਲ ਵੱਲੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪੋਸਟਲ ਕਵਰ ਰਲੀਜ਼ ਕੀਤਾ ਗਿਆ। ਉਹਨਾਂ ਖੇਤੀਬਾੜੀ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਲਈ ਡਾ. ਅਰਵਿੰਦ ਕੁਮਾਰ ਡਿਪਟੀ ਡਾਇਰੈਕਟਰ ਜਨਰਲ (ਸਿੱਖਿਆ) ਇੰਡੀਅਨ ਕੌਸਲ ਆਫ ਐਗਰੀਕਲਚਰ ਰੀਸਰਚ, ਡਾ. ਜੀ.ਐਸ.ਕਾਲਕਟ ਚੇਅਰਮੈਨ ਪੰਜਾਬ ਫਾਰਮਰਜ਼ ਕਮਿਸ਼ਨ, ਡਾ. ਏ.ਐਸ.ਖੇੜਾ, ਡਾ. ਕੇ.ਐਸ.ਔਲਖ (ਦੋਵੇ ਸਾਬਕਾ ਵਾਈਸ ਚਾਂਸਲਰ ਪੀ.ਏ.ਯੂ), ਡਾ. ਸੀ.ਡੀ.ਮਾਈ ਸਾਬਕਾ ਚੇਅਰਮੈਨ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ, ਡਾ. ਆਰ.ਬੀ.ਸਿੰਘ ਪ੍ਰਧਾਨ ਨੈਸ਼ਨਲ ਅਕੈਡਮੀ ਆਫ ਐਗਰੀਕਲਚਰ ਸਾਇੰਟੈਸਟ, ਡਾ. ਐਸ.ਐਲ.ਮਹਿਤਾ ਸਾਬਕਾ ਡਿਪਟੀ ਡਾਇਰੈਕਟਰ ਜਨਰਲ (ਸਿੱਖਿਆ) ਆਈ.ਸੀ.ਏ.ਆਰ ਤੇ ਸਾਬਕਾ ਵਾਈਸ ਚਾਂਸਲਰ ਮਹਾਰਾਣਾ ਪ੍ਰਤਾਂਪ ਐਗਰੀਕਲਚਰ ਯੂਨੀਵਰਸਿਟੀ ਉਦੈਪੁਰ ਅਤੇ ਡਾ. ਬਲਦੇਵ ਸਿੰਘ ਢਿੱਲੋਂ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸਨਮਾਨਿਤ ਵੀ ਕੀਤਾ। 
ਇਸ ਮੌਕੇ ਤੇ ਉਪ ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿੱਚ ਤਕਨੀਕੀ ਅਤੇ ਪ੍ਰੋਡਕਟ ਸੇਲ ਸੈਂਟਰ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਸ਼ਰਨਜੀਤ ਸਿੰਘ ਢਿੱੋਲੋਂ ਲੋਕ ਨਿਰਮਾਣ ਮੰਤਰੀ, ਸ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰੀ ਪਵਨ ਕੁਮਾਰ ਟੀਨੂੰ ਮੁੱਖ ਪਾਰਲੀਮਾਨੀ ਸਕੱਤਰ, ਸ. ਮਨਪ੍ਰੀਤ ਸਿੰਘ ਇਆਲੀ, ਸ. ਦਰਸ਼ਨ ਸਿੰਘ ਸ਼ਿਵਾਲਿਕ, ਸ. ਰਣਜੀਤ ਸਿੰਘ ਢਿੱਲੋਂ, ਸ. ਸਿਮਰਜੀਤ ਸਿੰਘ ਬੈਸ, ਸ. ਬਲਵਿੰਦਰ ਸਿੰਘ ਬੈਸ (ਸਾਰੇ ਐਮ.ਐਲ.ਏ), ਸ. ਹਰਚਰਨ ਸਿੰਘ ਗੋਹਲਵੜੀਆ ਮੇਅਰ ਨਗਰ ਨਿਗਮ ਲੁਧਿਆਣਾ, ਸ. ਗੁਰਚਰਨ ਸਿੰਘ ਗਾਲਿਬ ਸਾਬਕਾ ਐਮ.ਪੀ, ਸ. ਅਮਰੀਕ ਸਿੰਘ ਆਲੀਵਾਲ ਚੇਅਰਮੈਨ ਪੰਜਾਬ ਐਗਰੋ ਨਿਗਮ, ਸ੍ਰੀ ਇੰਦਰਮੋਹਣ ਕਾਦੀਆ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ, ਸ੍ਰੀ ਨਰੇਸ਼ ਧੀਗਾਨ, ਸ੍ਰੀ ਰਾਜ ਕੁਮਾਰ ਅਤਿਕਾਏ, ਚੌਧਰੀ ਯਸ਼ਪਾਲ, ਸ੍ਰੀ ਲਕਛਮਣ ਦ੍ਰਾਵਿੜ ਅਤੇ ਸ੍ਰੀ ਪਰਮਜੀਤ ਸਿੰਘ ਸਿੱਧਵਾ ਆਦਿ ਹਾਜ਼ਰ ਸਨ।

No comments:

Post a Comment