Friday 12 October 2012

ਪੰਜਾਬ ਸਾਲ 2013 ਤੱਕ ਬਿਜਲੀ ਦੀ ਬਹੁਤਾਤ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ-ਸੁਖਬੀਰ ਸਿੰਘ ਬਾਦਲ



  • ਕਾਂਗਰਸ ਸਾਸ਼ਨਕਾਲ ਦੌਰਾਨ ਪੈਦਾ ਹੁੰਦੀ 6591 ਮੈਗਾਵਾਟ ਬਿਜਲੀ ਦੇ ਮੁਕਾਬਲੇ 14487 ਮੈਗਾਵਾਟ ਹੋਵੇਗੀ ਬਿਜਲੀ ਪੈਦਾ। 
  • ਬਿਜਲੀ ਦੀ ਬਹੁਤਾਤ ਉਪਰੰਤ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਟੀਚਾ। 
  • ਹੋਰਨਾਂ ਰਾਜਾਂ ਅਤੇ ਜੇਕਰ ਆਗਿਆ ਮਿਲੀ ਤਾਂ ਪਾਕਿਸਤਾਨ ਨੂੰ ਬਿਜਲੀ ਬਰਾਮਦ ਕਰਨ ਦੀ ਯੋਜਨਾ। 
  • ਝਾਰਖੰਡ ਵਿਚ ਕੋਲੇ ਦੀ ਖਾਣ ਦੇ ਨੇੜੇ ਇਕ ਹੋਰ ਥਰਮਲ ਪਲਾਂਟ ਸਥਾਪਤ ਕਰਨ ਦੀ ਯੋਜਨਾ। 
  • ਪੰਜਾਬ ਦੇਸ਼ ਅੰਦਰ ਬਿਜਲੀ ਦੀ ਵੰਡ ਲਈ 400 ਕੇ.ਵੀ. ਰਿੰਗ ਮੇਨ ਵਿਵਸਥਾ ਵਾਲਾ ਪਹਿਲਾ ਸੂਬਾ ਬਣੇਗਾ। 
  • ਸਮੁੱਚੇ ਬਿਜਲੀ ਨੈਟਵਰਕ ਦੀ ਜੀ.ਆਈ.ਐਸ ਮੈਪਿੰਗ ਸ਼ੁਰੂ ਕਰਨ ਦੀਆਂ ਤਿਆਰੀਆਂ
ਚੰਡੀਗੜ੍ਹ, 12 ਅਕਤੂਬਰ: ਪੰਜਾਬ ਸਾਲ 2013 ਵਿਚ ਦੇਸ਼ ਦਾ ਪਹਿਲਾ ਬਿਜਲੀ ਦੀ ਬਹੁਤਾਤ ਵਾਲਾ ਸੂਬਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਰਾਜ ਅੰਦਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ 2007 ਵਿਚ ਕਾਰਜਭਾਰ ਸੰਭਾਲਣ ਸਮੇਂ ਪੈਦਾ ਹੁੰਦੀ 6591 ਮੈਗਾਵਾਟ ਬਿਜਲੀ ਦੇ ਮੁਕਾਬਲੇ ਅਗਲੇ ਸਾਲ ਦੇ ਅੰਤ ਤੱਕ 14487 ਮੈਗਾਵਾਟ ਬਿਜਲੀ ਪੈਦਾ
ਹੋਵੇਗੀ।

ਅੱਜ ਇਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਵਲੋਂ ਉਤਰੀ ਖੇਤਰ ਵਿਚ ਬਿਜਲੀ ਸੁਧਾਰਾਂ ਦੇ ਵਿਸ਼ੇ 'ਤੇ ਕਰਵਾਈ ਗਈ ਇੱਕ ਕਾਨਫਰੰਸ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਿਜਲੀ ਉਤਪਾਦਨ ਦੇ ਟੀਚੇ ਨੂੰ ਪ੍ਰਸ਼ਾਸ਼ਨ ਦੇ ਸਭ ਤੋਂ ਮਹੱਤਵਪੂਰਨ ਕਾਰਜ ਵਜੋਂ ਚੁਣਇਆ ਹੈ। ਉਨ੍ਹਾਂ ਗਿਲਾ ਪ੍ਰਗਟਾਇਆ ਕਿ ਹੁਣ ਦੇਸ਼ ਅੰਦਰ ਮਹਿਸੂਸ ਕੀਤੀ ਜਾ ਰਹੀ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਘੱਟੋਂ ਘੱਟ 40 ਸਾਲ ਪਹਿਲਾਂ ਹੀ ਤਿਆਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਪ੍ਰੰਤੂ ਸਾਡੇ ਮੁੱਖ ਯੋਜਨਾਕਾਰਾਂ ਦੇ ਬਿਜਲੀ ਦੀ ਭਵਿੱਖ 'ਚ ਵਧੇਰੇ ਮੰਗ ਨੂੰ ਗੰਭੀਰਤਾ ਨਾਲ ਵਿਚਾਰਨ ਵਿਚ ਅਸਫਲ ਰਹਿਣ ਕਾਰਨ ਸਾਨੂੰ ਮੁੱਢ ਤੋਂ ਹੀ ਬਿਜਲੀ ਦੀ ਘਾਟ ਦੇ ਦੌਰ ਵਿਚ ਰਹਿਣ ਦੀ ਆਦਤ ਜਿਹੀ ਪੈ ਗਈ ਸੀ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਜਦੋਂ ਉਨ੍ਹਾਂ ਪੰਜਾਬ ਨੂੰ ਬਿਜਲੀ ਦੀ ਬਹੁਤਾਤ ਵਾਲਾ ਸੂਬਾ ਬਨਾਉਣ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਦੇ ਐਲਾਨ ਨੂੰ ਮਜ਼ਾਕ ਦੇ ਤੌਰ 'ਤੇ ਲਿਆ ਜਾਂਦਾ ਸੀ ਪ੍ਰੰਤੂ ਹੁਣ ਉਹਨਾਂ ਸਮੁੱਚੀ ਦੁਨਿਆਂ ਨੂੰ ਦਿਖਾ ਦਿੱਤਾ ਹੈ ਜੇਕਰ ਇਰਾਦਾ ਦ੍ਰਿੜ ਹੋਵੇ ਤਾਂ ਅਸੰਭਵ ਵੀ ਸੰਭਵ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸਾਲ 2013 ਦੇ ਅੰਤ ਤੱਕ ਪੰਜਾਬ ਦੀ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਹਿੱਸੇ ਚੋਂ 8816 ਮੈਗਾਵਾਟ, ਕੇਂਦਰੀ ਖੇਤਰ ਦੇ ਪ੍ਰਾਜੈਕਟਾਂ ਚੋਂ 355 ਮੈਗਾਵਾਟ, ਅਲਟ੍ਰਾ ਮੈਗਾ ਪ੍ਰਾਜੈਕਟਾਂ ਵਿਚੋਂ 1033 ਮੈਗਾਵਾਟ, ਦਾਮੋਦਰ ਵੈਲੀ ਪ੍ਰਾਜੈਕਟ ਵਿਚੋਂ 647 ਮੈਗਾਵਾਟ ਅਤੇ ਨਵਿਆਉਣਯੋਗ ਊਰਜਾ ਖੇਤਰਾਂ ਵਿਚੋਂ 436 ਮੈਗਾਵਾਟ ਹਿੱਸੇ ਸਮੇਤ ਪੰਜਾਬ ਦੀ ਆਪਣੀ ਹੀ ਬਿਜਲੀ ਉਤਪਾਦਨ ਸਮਰੱਥਾ ਹੋਵੇਗੀ।
ਪੰਜਾਬ ਦਾ ਅਗਲੇ 30 ਸਾਲਾਂ ਲਈ ਬਿਜਲੀ ਦੀ ਬਹੁਤਾਤ ਵਾਲਾ ਰੁਤਬਾ ਬਰਕਰਾਰ ਰੱਖਣ ਦਾ ਭਰੋਸਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਬਿਜਲੀ ਦੀ ਬਹੁਤਾਤ ਵਾਲੀ ਇਸੇ ਵਿਵਸਥਾ ਨਾਲ ਹੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ ਅਤੇ ਭਵਿੱਖ ਲਈ ਤਿਆਰੀਆਂ ਅਰੰਭ ਦਿੱਤੀਆਂ ਹਨ। ਸ. ਬਾਦਲ ਨੇ ਦੱਸਿਆ ਕਿ ਪੰਜਾਬ ਝਾਰਖੰਡ ਵਿਚ ਰਾਜ ਸਰਕਾਰ ਦੀ ਕੋਲੇ ਦੀ ਖਾਣ ਨੇੜੇ ਆਪਣਾ ਥਰਮਲ ਪਲਾਂਟ ਲਾਉਣ ਲਈ ਪੂਰੀ ਤਿਆਰੀ ਕਰ ਚੁੱਕਿਆ ਹੈ ਅਤੇ ਨਵਿਆਉਣਯੋਗ ਉਰਜਾ ਖੇਤਰ ਖਾਸ ਕਰਕੇ ਖੇਤੀ ਰਹਿੰਦ-ਖੂੰਹਦ ਤੋਂ ਬਿਜਲੀ ਪੈਦਾ ਕਰਨ ਦੇ ਖੇਤਰ ਵਿਚ ਹੋਰ ਵਧੇਰੇ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 206 ਮੈਗਾਵਾਟ ਦੇ ਸ਼ਾਹਪੁਰ ਕੰਡੀ ਪ੍ਰਾਜੈਕਟ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ 18 ਮੈਗਾਵਾਟ ਦਾ ਮੁਕੇਰੀਆਂ ਹਾਇਡਲ ਪੜਾਅ-2 ਮਾਰਚ 2013 ਵਿਚ ਸ਼ੁਰੂ ਹੋ ਜਾਵੇਗਾ।
ਉਹਨਾਂ ਕਿਹਾ ਕਿ ਬਿਜਲੀ ਦੀ ਬਹੁਤਾਤ ਵਾਲਾ ਸੂਬਾ ਬਨਣ ਉਪਰੰਤ ਸਾਡਾ ਨਿਸ਼ਾਨਾ ਦੇਸ਼ ਅੰਦਰ ਬਿਜਲੀ ਦਾ ਸਭ ਤੋਂ ਸਸਤਾ ਸਰੋਤ ਬਣਨਾ ਹੈ ਅਤੇ ਅਸੀਂ ਹੋਰਨਾਂ ਰਾਜਾਂ ਅਤੇ ਜੇਕਰ ਕੇਂਦਰ ਸਰਕਾਰ ਨੇ ਪ੍ਰਵਾਨਗੀ ਦਿੱਤੀ ਤਾਂ ਪਾਕਿਸਤਾਨ ਨੂੰ ਵੀ ਬਿਜਲੀ ਬਰਾਮਦ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਪਾਕਿਸਤਾਨ ਜਾ ਰਹੇ ਹਨ ਅਤੇ ਪਾਕਿਸਤਾਨ ਨੂੰ ਬਿਜਲੀ ਬਰਾਮਦ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣਗੇ।
ਕੋਲੇ ਦੇ ਰਾਖਵੇਂ ਭੰਡਾਰਾਂ ਵਿਚ ਤੇਜ਼ੀ ਨਾਲ ਆ ਰਹੀ ਕਮੀ ਤੇ ਚਿੰਤਾ ਪ੍ਰਗਟ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਦੇਸ਼ ਆਪਣੀ ਮੁਕੰਮਲ ਹਾਇਡਲ ਬਿਜਲੀ ਸਮਰੱਥਾ ਦਾ ਫਾਇਦਾ ਉਠਾਏ। ਉਹਨਾਂ ਕਿਹਾ ਕਿ ਇਸ ਵੇਲੇ ਸਿਰਫ 20 ਫੀਸਦੀ ਹਾਇਡਲ ਸਮਰੱਥਾ ਨੂੰ ਹੀ ਵਰਤਿਆ ਜਾ ਰਿਹਾ ਹੈ। ਉਹਨਾਂ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ ਪਾਕਿਸਤਾਨ ਰਾਹੀਂ ਇਰਾਨ ਅਤੇ ਕਜਾਕਿਸਤਾਨ ਤੋਂ ਉਤਰੀ ਰਾਜਾਂ ਨੂੰ ਗੈਸ ਪਾਇਪ ਲਾਈਨ ਵਿਛਾਉਣ ਲਈ ਪਹਿਲਕਦਮੀ ਕਰੇ ਅਤੇ ਭਰੋਸਾ ਪ੍ਰਗਟਾਇਆ ਕਿ ਇਸ ਵਿਵਸਥਾ ਨਾਲ ਸਮੁੱਚੇ ਦੇਸ਼ ਦੇ ਬਿਜਲੀ ਸੰਕਟ ਨੂੰ ਦੂਰ ਕੀਤਾ ਜਾ ਸਕਦਾ ਹੈ।
ਰਾਜ ਦੇ ਬਿਜਲੀ ਦੇ ਟਰਾਂਸਮਿਸ਼ਨ ਅਤੇ ਵੰਡ ਨੈਟਵਰਕ ਦੀ ਮਜ਼ਬੂਤੀ ਦੀ ਗਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਵਲੋਂ ਰਾਜ ਦੀ ਬਿਜਲੀ ਉਤਪਾਦਨ ਸਮਰੱਥਾ ਵਧਾਉਣ ਤੋਂ ਇਲਾਵਾ ਟਰਾਂਸਮਿਸ਼ਨ ਅਤੇ ਵੰਡ ਵਿਵਸਥਾ ਨੂੰ ਮਜ਼ਬੂਤ ਬਨਾਉਣ ਲਈ 3900 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਨ੍ਹਾਂ ਵਿਚ 49705 ਮੈ.ਵੀ.ਏ ਸਮਰੱਥਾ ਸਮੇਤ 1003 ਗ੍ਰਿਡ ਸਬ-ਸਟੇਸ਼ਨਾਂ ਦਾ ਨਿਰਮਾਣ ਅਤੇ 22216 ਕਿ.ਮੀ ਟਰਾਂਸਮਿਸ਼ਨ ਲਾਈਨਾਂ ਵਿਛਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬਿਜਲੀ ਖਪਤਕਾਰਾਂ ਦੀ ਮੌਜੂਦਾ ਗਿਣਤੀ 63.73 ਲੱਖ ਹੈ ਅਤੇ ਇਸ ਦੇ ਵੱਧ ਕੇ 97.33 ਲੱਖ ਹੋ ਜਾਣ ਦੀ ਸੰਭਾਵਨਾ ਹੈ। ਪ੍ਰੰਤੂ ਅਸੀਂ ਭਵਿੱਖ ਦੀਆਂ ਚੁਣੌਤੀਆਂ ਲਈ ਪਹਿਲਾਂ ਹੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਸਾਲਾਂ ਦੌਰਾਨ ਕੁਲ ਕੁਨੈਕਟਿਡ ਲੋਡ ਦੁਗਣਾ ਹੋ ਜਾਵੇਗਾ ਅਤੇ ਪੰਜਾਬ ਸਰਕਾਰ ਨੇ ਬਿਜਲੀ ਦੇ ਮੀਟਰ ਘਰਾਂ ਵਿਚੋਂ ਬਾਹਰ ਕੱਢ ਕੇ ਟਰਾਂਸਮਿਸ਼ਨ ਅਤੇ ਵੰਡ ਨੁਕਸਾਨ ਨੂੰ 22.53ਫੀਸਦੀ ਤੋਂ ਘਟਾ ਕੇ 17.7 ਫੀਸਦੀ ਕਰ ਲਿਆ ਹੈ ਅਤੇ ਪਿਛਲੇ ਦੋ ਸਾਲਾਂ ਦੌਰਾਨ ਇਸ ਨੂੰ 14.75 ਫੀਸਦੀ ਤੱਕ ਹੇਠਾਂ ਲਿਆਉਣ ਦਾ ਟੀਚਾ ਹੈ।
ਉਨ੍ਹਾਂ ਰਾਜ ਅੰਦਰ ਵਿਸ਼ਵ ਪੱਧਰੀ ਪਾਵਰ ਸਪਲਾਈ ਵਿਵਸਥਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਥੇ 400 ਕੇ.ਵੀ ਰਿੰਗ ਮੇਨ ਵਿਵਸਥਾ ਦੇ ਨਾਲ ਨਾਲ ਸਾਰੇ 132 ਕੇ.ਵੀ ਅਤੇ 220 ਕੇ.ਵੀ ਸਬ-ਸਟੇਸ਼ਨਾਂ ਦੀ ਜੀ.ਆਈ.ਐਸ ਮੈਪਿੰਗ ਹੋਵੇਗੀ।
ਨਵਿਆਉਣਯੋਗ ਊਰਜਾ ਖੇਤਰ ਦੀ ਗਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦਾ ਬਾਇਓਮਾਸ ਖੇਤਰ ਵਿਚ 500 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਹੈ ਅਤੇ ਇਸ ਦਾ ਦੁਵੱਲਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਕਿਸਾਨਾਂ ਨੂੰ ਉਹਨਾਂ ਦੀ ਖੇਤੀ ਰਹਿੰਦ-ਖੁਹੰਦ ਤੋਂ ਪ੍ਰਤੀ ਏਕੜ 4000 ਰੁਪਏ ਤੱਕ ਦੀ ਵਾਧੂ ਆਮਦਨ ਹੋ ਸਕੇਗੀ। ਉਹਨਾਂ ਕਿਹਾ ਕਿ ਪੰਜਾਬ ਨਵੇਂ ਨਿਵੇਸ਼ਕਾਂ ਨੂੰ ਉਤਸ਼ਾਹਤ ਕਰਨ ਲਈ ਆਪਣੀ ਨਵੀਂ ਸੌਰ-ਊਰਜਾ ਨੀਤੀ ਲਿਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸੀ.ਐਫ.ਐਲ ਲਈ ਪ੍ਰੇਰਕੇ ਬਿਜਲੀ ਬਚਾਉਣ ਤੋਂ ਇਲਾਵਾ ਪੰਜਾਬ ਨੇ ਰਾਜ ਦੇ ਸਾਰੇ 142 ਸ਼ਹਿਰਾਂ ਅੰਦਰ ਐਲ.ਈ.ਡੀ ਸਟਰੀਟ ਲਾਈਟਾਂ ਲਾਉਣ ਲਈ ਐਸਕੋ ਮਾਡਲ ਬਣਾਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿਆਣਾ ਦੇ ਬਿਜਲੀ ਮੰਤਰੀ ਕੈਪਟਨ ਅਜੈ ਸਿੰਘ ਯਾਦਵ, ਸ਼੍ਰੀ ਦੇਵਾਸੀਸ਼ ਮਜੂਮਦਾਰ, ਚੇਅਰਮੈਨ ਬਿਜਲੀ ਸੁਧਾਰ ਅਤੇ ਨਵਿਆਉਣਯੋਗ ਊਰਜਾ ਖੇਤਰੀ ਕਮੇਟੀ, ਸ਼੍ਰੀ ਪਰਵੀਰ ਸਿਨ੍ਹਾ, ਕਾਨਫਰੰਸ ਚੇਅਰਮੈਨ ਅਤੇ ਸਹਿ-ਚੇਅਰਮੈਨ, ਬਿਜਲੀ ਸੁਧਾਰ ਅਤੇ ਨਵਿਆਉਣਯੋਗ ਊਰਜਾ ਖੇਤਰੀ ਕਮੇਟੀ ਅਤੇ ਸ਼੍ਰੀ ਡੀ.ਐਲ. ਸ਼ਰਮਾ, ਵਾਇਸ ਚੇਅਰਮੈਨ, ਸੀ.ਆਈ.ਆਈ ਪੰਜਾਬ ਸਟੇਟ ਕੌਂਸਲ ਅਤੇ ਡਾਇਰੈਕਟਰ ਵਰਧਮਾਨ ਟੈਕਸਟਾਇਲ ਲਿਮਿਟਡ ਪ੍ਰਮੁੱਖ ਤੌਰ 'ਤੇ ਹਾਜਰ ਸਨ।

No comments:

Post a Comment