Friday 5 October 2012

ਕਾਂਗਰਸ ਵੋਟਾਂ ਲਈ ਅੱਤਵਾਦ ਦਾ ਹਊਆ ਖੜਾ ਕਰ ਰਹੀ ਹੈ-ਸੁਖਬੀਰ ਸਿੰਘ ਬਾਦਲ

•       ਪੰਜਾਬ ਸਰਕਾਰ ਰਾਜ ਅੰਦਰ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਦ੍ਰਿੜ ਸੰਕਲਪ
•       ਰਾਜ ਦੇ ਸ਼ਾਂਤੀਪੂਰਨ ਮਾਹੌਲ ਵਿਚ ਕੜਵਾਹਟ ਘੋਲਣ ਵਿਰੁੱਧ ਕਾਂਗਰਸ ਤੇ ਯੂ.ਪੀ.ਏ. ਨੂੰ ਚੇਤਾਵਨੀ
•       84 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ ਨੂੰ ਰਿਹਾਅ ਕਰਨ ਦੀ ਸ਼ੀਲਾ ਦੀਕਸ਼ਤ ਦੀ ਸਿਫਾਰਸ਼ ਕਾਂਗਰਸ ਪਾਰਟੀ ਦੀ ਸਿੱਖ ਵਿਰੋਧੀ ਮਾਨਸਿਕਤਾ ਦੀ ਪ੍ਰਤੀਕ
•       ਬਸਪਾ ਦੇ ਜਨਰਲ ਸਕੱਤਰ ਡਾ. ਸੁਖਵਿੰਦਰ ਕੁਮਾਰ ਸੁੱਖੀ 10 ਹਜ਼ਾਰ ਹਮਾਇਤੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
•       ਕਾਂਗਰਸ ਪਾਰਟੀ ਦਾ ਯੂ.ਪੀ., ਬਿਹਾਰ, ਗੁਜਰਾਤ ਤੇ ਮੱਧ ਪ੍ਰਦੇਸ਼ ਵਿਚ ਪੁਲੰਦਾ ਬੰਨ੍ਹੇ ਜਾਣ ਉਪਰੰਤ  ਪੰਜਾਬ ਵਿਚ ਹੋਂਦ ਹੀ ਖਤਰੇ 'ਚ
•       ਲੈਫ. ਜਨਰਲ ਬਰਾੜ 'ਤੇ ਹਮਲਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਅਸਫਲਤਾ
•       ਕੇਂਦਰ  ਸਰਕਾਰ ਕੌਮਾਂਤਰੀ ਸਰਹੱਦਾਂ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਰੋਕਣ 'ਚ ਬੁਰੀ ਤਰਾਂ ਫੇਲ੍ਹ
•       ਪੰਜਾਬ ਸਰਕਾਰ ਖਾੜਕੂਵਾਦ ਵਿਰੁੱਧ ਚੱਲ ਰਹੀ ਮੁਹਿੰਮ ਜਾਰੀ ਰੱਖੇਗੀ, ਹੁਣ ਤੱਕ 184 ਖਾੜਕੂ ਗ੍ਰਿਫਤਾਰ


ਨਵਾਂਸ਼ਹਿਰ, 5 ਅਕਤੂਬਰ-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜ ਵਿਚ ਖਾੜਕੂਵਾਦ ਨਾਲ ਸਬੰਧਤ ਇਕ ਵੀ ਘਟਨਾ ਨਾ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਵਲੋਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਮੌਕੇ ਜਾਣ ਬੁੱਝਕੇ ਅੱਤਵਾਦ ਦਾ ਹਊਆ ਖੜ੍ਹਾ ਕੀਤਾ ਜਾ  ਰਿਹਾ ਹੈ।
ਅੱਜ ਇੱਥੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਜ਼ਿਲ੍ਹਾ ਪ੍ਰਧਾਨਾਂ ਸ੍ਰੀ ਸੋਹਣ ਲਾਲ ਢੰਡਾ ਤੇ ਸ੍ਰੀ ਰਾਮ ਕ੍ਰਿਸ਼ਨ ਚੌਧਰੀ ਤੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਰਾਜ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ Ðਰਾਜ ਅੰਦਰ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਦ੍ਰਿੜ ਸੰਕਲਪ ਹਨ ਤੇ ਕਾਂਗਰਸ ਪਾਰਟੀ ਨੂੰ ਰਾਜ ਦਾ ਸ਼ਾਂਤੀਪੂਰਨ ਮਾਹੌਲ ਖਰਾਬ ਕਰਨ ਦੀ ਕਦਾਚਿਤ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਚੋਣਾਂ ਮੌਕੇ ਅੱਤਵਾਦ ਦਾ ਹਊਆ ਖੜ੍ਹਾ ਕਰਨਾ ਕਾਂਗਰਸ ਪਾਰਟੀ ਸਿਆਸੀ ਲੈਬਾਰਟੀ ਦਾ ਪੁਰਾਣਾ ਤਜ਼ਰਬਾ ਹੈ, ਪ੍ਰੰਤੂ ਦੇਸ਼ ਦੇ ਸੂਝਵਾਨ ਵੋਟਰ ਹੁਣ ਕਾਂਗਰਸ ਦੀ ਫੁੱਟ ਪਾਊ ਨੀਤੀ ਨੂੰ ਭਲੀ ਭਾਂਤ ਸਮਝਦੇ ਹਨ। 1984 ਦੇ ਸਿੱਖ ਕਤਲੇਆਮ ਦੌਰਾਨ 6 ਨਿਰਦੋਸ਼ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਕਿਸ਼ੋਰੀ ਲਾਲ ਦੀ ਰਿਹਾਈ ਦੇ ਹੁਕਮਾਂ ਦੀ ਨਿਖੇਧੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਐਲਾਨ ਉਪਰੰਤ ਅਜਿਹਾ ਨਾਜ਼ੁਕ ਫੈਸਲਾ ਕਾਂਗਰਸ ਪਾਰਟੀ ਦੀ ਵੋਟ ਬੈਂਕ ਸਿਆਸਤ ਦੇ ਪ੍ਰਸੰਗ ਵਿਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸ਼ੋਰੀ ਲਾਲ ਦੀ ਰਿਹਾਈ ਨੂੰ ਰੋਕਣ ਤੇ 84 ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਢੁੱਕਵੀਆਂ ਸਜ਼ਾਵਾਂ ਯਕੀਨੀ ਬਣਾਉਣ ਲਈ ਹਰ ਉਪਲਬਧ ਮੰਚ ਦੀ ਵਰਤੋਂ ਕਰੇਗਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਸਿੱਖਾਂ ਦੇ ਲੰਬੇ ਸਮੇਂ ਤੋਂ ਰਿਸਦੇ ਆ ਰਹੇ ਜ਼ਖਮਾਂ 'ਤੇ ਨਮਕ ਛਿੜਕਣ ਦੀ ਆਗਿਆ ਨਹੀਂ ਦੇਣਗੇ।
ਸ. ਬਾਦਲ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਕੋਲਗੇਟ ਸਮੇਤ ਬਹੁ ਲੱਖ ਕਰੋੜੀ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਹਟਾਉਣ ਦੀ ਜਾਣਬੁੱਝ ਕੇ ਕੀਤੀ ਜਾ ਰਹੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਪ੍ਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਆਗਿਆ ਦੇ ਕੇ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਉਹ ਅੱਤਵਾਦ ਦਾ ਹਊਆ ਖੜ੍ਹਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਤੱਥ ਹੈ ਕਿ ਲੈਫ. ਜਨਰਲ ਕੇ.ਐਸ.ਬਰਾੜ (ਸੇਵਾ ਮੁਕਤ) ਕੇਂਦਰੀ ਗ੍ਰਹਿ ਮੰਤਰਾਲੇ ਦੀ ਸੁਰੱਖਿਆ ਛਤਰੀ ਹੇਠ ਹਨ, ਤੇ ਉਨ੍ਹਾਂ 'ਤੇ ਕੋਈ ਹਮਲਾ ਕੇਂਦਰ ਸਰਕਾਰ ਦੀ ਮੁਕੰਮਲ ਅਸਫਲਤਾ ਨੂੰ ਪ੍ਰਗਟਾਉੁਂਦਾ ਹੈ।  ਉਨ੍ਹਾਂ ਕਿਹਾ ਕਿ ਲੈਫ. ਜਨਰਲ ਬਰਾੜ ਦੀ ਸੁਰੱਖਿਆ ਨਾਲ ਪੰਜਾਬ ਪੁਲਿਸ ਦਾ ਕੋਈ ਸਬੰਧ ਨਹੀਂ ਹੈ ਤੇ ਇਹ ਕੇਂਦਰ ਸਰਕਾਰ ਦੀ ਹੀ ਨਿਰੋਲ ਜਿੰਮੇਵਾਰੀ ਹੈ।
ਗੈਰ ਮੁੱਦਿਆਂ ਨੂੰ ਉਛਾਲਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਭਰੋਸੇਯੋਗਤਾ ਨੂੰ ਚੁਣੌਤੀ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਜਿਹੜੇ ਅੰਮ੍ਰਿਤਸਰ ਐਲਾਨਨਾਮੇ ਨੂੰ ਸਹਿਮਤੀ ਦੇ ਕੇ ਫੁੱਟਪਾਊ ਸਿਆਸਤ ਦੀ ਗੱਲ ਕਰਦੇ ਰਹੇ ਹਨ ਅਤੇ ਕੇਨੇਡਾ ਦੇ ਇਕ ਗੁਰਦੁਆਰੇ ਵਿਚ ਖਾਲਿਸਤਾਨ ਜਿੰਦਾਬਾਦ ਦੇ ਬੈਨਰ ਹੇਠ ਤਸਵੀਰਾਂ ਖਿਚਵਾਕੇ ਕੌਮਾਂਤਰੀ ਮੀਡੀਆ ਵਿਚ ਖਾਲਿਸਤਾਨ ਲਹਿਰ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਸਾਨੂੰ ਦੇਸ਼ ਭਗਤੀ ਦੀ ਸਿੱਖਿਆ ਦੇਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ  ਕਿ ਦੇਸ਼ ਭਗਤੀ ਇਕਲੌਤੀ ਕਾਂਗਰਸ ਪਾਰਟੀ ਦਾ ਹੀ ਕਾਪੀ ਰਾਇਟ ਨਹੀਂ ਹੈ, ਕਿਉਂਕਿ ਸਿੱਖਾਂ ਸਮੇਤ ਉਹ ਪੰਜਾਬੀ ਹੀ ਸਨ, ਜਿਨ੍ਹਾਂ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ 80 ਫੀਸਦੀ ਕੁਰਬਾਨੀਆਂ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਬਰਤਾਨਵੀ ਸਾਮਰਾਜ ਤੇ ਕਾਂਗਰਸ ਦੀਆਂ ਜਾਲਮ ਨੀਤੀਆਂ ਵਿਰੁੱਧ ਸੰਘਰਸ਼ ਕਰਨ ਦਾ ਬੇਮਿਸਾਲ ਇਤਿਹਾਸ ਹੈ।
ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਰਾਜ ਅੰਦਰ ਸ਼ਾਂਤੀ ਬਰਕਰਾਰ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 5-6 ਸਾਲਾਂ ਦੌਰਾਨ ਖਾੜਕੂਆਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਨਿਰੰਤਰ ਮੁਹਿੰਮ ਜਾਰੀ ਰੱਖੀ ਹੋਈ ਹੈ, ਅਤੇ ਦੇਸ਼ ਅੰਦਰ ਨਸ਼ੀਲੇ ਪਦਾਰਥਾਂ ਬਰਾਮਦਗੀ ਵਿਚ 50 ਫੀਸਦੀ ਤੋਂ ਵੱਧ ਬਰਾਮਦਗੀ ਪੰਜਾਬ ਪੁਲਿਸ ਵਲੋਂ ਕੀਤੀ ਗਈ  ਹੈ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਹਥਿਆਰਾਂ 'ਤੇ ਗੋਲੀ ਸਿੱਕੇ ਦੀ ਬਰਾਮਦਗੀ ਦੇ ਮਾਮਲੇ ਵਿਚ ਵੀ ਇਹੋ ਸਥਿਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਸਰਕਾਰ ਦੇ ਪਿਛਲੇ 6 ਸਾਲਾਂ ਦੇ ਕਾਰਜਕਾਲ ਦੌਰਾਨ 184 ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 5 ਹੋਰ ਨੇ ਆਤਮ ਸਮਰਪਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਲ 2007 ਵਿਚ 21, 2008 ਵਿਚ 32, 2009 ਵਿਚ 52, 2010 ਵਿਚ 58, 2011 ਵਿਚ 11 ਤੇ 2012 ਵਿਚ 30 ਸਤੰਬਰ ਤੱਕ 10 ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਦੇਸ਼ ਦੀਆਂ ਕੌਮਾਂਤਰੀ ਸਰਹੱਦਾਂ ਦੀ ਰਾਖੀ ਕਰ ਰਹੀ ਸੀਮਾ ਸੁਰੱਖਿਆ ਬਲ ਕੇਂਦਰ ਸਰਕਾਰ ਅਧੀਨ ਹੈ ਅਤੇ ਗੈਰਕਾਨੂੰਨੀ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੇ ਸਰਹੱਦ ਪਾਰੋਂ ਪ੍ਰਵਾਹ ਨੂੰ ਰੋਕਣਾ ਉਸਦੀ ਜਿੰਮੇਵਾਰੀ ਹੈ, ਪਰ ਨਿੱਤ ਦਿਨ ਵੱਡੀ ਮਾਤਰਾ ਵਿਚ ਬਰਾਮਦ ਹੋ ਰਹੇ ਨਸ਼ੀਲੇ ਪਦਾਰਥ ਤੇ ਹਥਿਆਰ ਕੇਂਦਰੀ ਗ੍ਰਹਿ ਮੰਤਰਾਲੇ ਦੀ ਅਸਫਲਤਾ ਦੀ ਮੂੰਹ ਬੋਲਦੀ ਤਸਵੀਰ ਹਨ।
ਇਸ ਤੋਂ ਪਹਿਲਾਂ ਡਾ. ਸੁਖਵਿੰਦਰ ਕੁਮਾਰ ਸੁੱਖੀ ਤੇ ਬਸਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੋਹਣ ਲਾਲ ਢਾਂਡਾ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸਵਾਗਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਬਸਪਾ ਦੇ ਕਈ ਪ੍ਰਮੁੱਖ ਆਗੂ ਅਕਾਲੀ ਦਲ ਦੀਆਂ ਗਰੀਬ ਤੇ ਦਲਿਤ ਪੱਖੀ ਨੀਤੀਆਂ ਕਾਰਨ ਦਲ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਇਕਲੌਤਾ ਰਾਜ ਹੈ, ਜੋ ਪਿਛਲੇ 6 ਸਾਲਾਂ ਤੋਂ ਬਿਨਾ ਕਿਸੇ ਕੇਂਦਰੀ ਸਹਾਇਤਾ ਦੇ 17 ਲੱਖ ਪਰਿਵਾਰਾਂ ਨੂੰ ਨਿਰੰਤਰ ਆਟਾ/ਦਾਲ ਸਕੀਮ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਦੇਸ਼ ਦਾ ਇਕਲੌਤਾ ਰਾਜ ਹੈ, ਜੋ ਆਰਥਿਕ ਤੌਰ 'ਤੇ ਪੱਛੜੇ ਪਰਿਵਾਰਾਂ ਦੀ ਬੱਚੀਆਂ ਦੇ ਵਿਆਹ 'ਤੇ 15 ਹਜ਼ਾਰ ਰੁਪੈ ਸ਼ਗਨ ਵਜੋਂ ਦੇ ਰਿਹਾ ਹੈ ਤੇ ਇਹ ਸ਼ਗਨ ਵਿਆਹ ਤੋਂ 5 ਦਿਨ ਪਹਿਲਾਂ ਵਿਆਹ ਵਾਲੀ ਲੜਕੀ ਦੇ ਖਾਤੇ ਵਿਚ ਜਮ੍ਹਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਬਹੁਜਨ ਸਮਾਜ ਪਾਰਟੀ ਪੰਜਾਬ ਅੰਦਰ ਆਪਣੀ ਪ੍ਰਸੰਗਿਕਤਾ ਗਵਾ ਚੁੱਕੀ ਹੈ ਤੇ ਹਰ ਜਨਆਧਾਰ ਵਾਲਾ ਆਗੂ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ ਹੈ।  

ਕਾਂਗਰਸ 'ਤੇ ਸ਼ਬਦੀ ਹੱਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਘੱਟਗਿਣਤੀ ਸਰਕਾਰ ਹੋਣ ਕਾਰਨ ਕਾਂਗਰਸ ਪਾਰਟੀ ਨੂੰ ਪ੍ਰਚੂਨ, ਬੀਮਾ ਅਤੇ ਪੈਨਸ਼ਨ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਫ਼ੈਸਲੇ ਲਾਗੂ ਕਰਨ ਦਾ ਸੰਵਿਧਾਨਿਕ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਪੈਨਸ਼ਨ ਤੇ ਬੀਮਾ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਰਾਹ ਖੋਲ੍ਹਣ ਨਾਲ ਆਮ ਤੇ ਗਰੀਬ ਆਦਮੀ ਦੀ ਬੱਚਤ ਸੁਰੱਖਿਅਤ ਨਹੀਂ ਰਹੇਗੀ।
       ਪੰਜਾਬ ਦੇ ਵਿਕਾਸ ਨੂੰ ਜੰਗੀ ਪੱਧਰ 'ਤੇ ਲਿਜਾਣ ਦੇ ਸਰਕਾਰ ਦੇ ਤਹੱਈਏ ਨੂੰ ਦੁਹਰਾਉਂਦਿਆਂ ਉਨਾਂ ਕਿਹਾ ਕਿ ਉਨ੍ਹਾਂ ਵੱਲੋਂ ਅਗਲੇ ਚਾਰ ਸਾਲਾਂ ਵਿੱਚ ਰਾਜ ਦੇ 142 ਸ਼ਹਿਰਾਂ ਦੇ ਪੜਾਅਵਾਰ ਸਮੁੱਚੇ ਵਿਕਾਸ ਵਾਸਤੇ 8745 ਕਰੋੜ ਰੁਪਏ ਦੀ ਯੋਜਨਾ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਦੀਆਂ ਸੜਕਾਂ ਨੂੰ ਚਾਰ/ਛੇ ਲੇਨ ਸੜਕਾਂ ਵਿੱਚ ਤਬਦੀਲ ਕਰਨ ਦੇ 15 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਦੇ ਮੁਕੰਮਲ ਹੋਣ ਬਾਅਦ ਪੰਜਾਬ ਦੇਸ਼ ਦਾ ਪਹਿਲਾਂ ਅਜਿਹਾ ਰਾਜ ਬਣਨ ਜਾ ਰਿਹਾ ਹੈ, ਜਿਸ ਦੇ ਸਾਰੇ ਪ੍ਰਮੁੱਖ ਮਾਰਗ ਚਾਰ ਜਾਂ ਛੇ ਮਾਰਗੀ ਹੋਣਗੇ। ਉਨ੍ਹਾਂ ਕਿਹਾ ਕਿ ਰਾਜ ਦੇ ਨਵੇਂ ਥਰਮਲ ਪਲਾਂਟਾਂ ਦੇ 2013 ਵਿੱਚ ਬਿਜਲੀ ਪੈਦਾ ਕਰਨੀ ਸ਼ੁਰੂ ਕਰਨ ਦੇ ਨਾਲ ਰਾਜ ਵਿੱਚ 3920 ਮੈਗਾਵਾਟ ਬਿਜਲੀ ਪੈਦਾਵਾਰ ਦਾ ਵਾਧਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 1 ਦਸੰਬਰ ਤੋਂ ਤੀਸਰਾ ਵਿਸ਼ਵ ਕਬੱਡੀ ਕੱਪ ਸ਼ੁਰੂ ਕਰਨ ਤੋਂ ਇਲਾਵਾ ਰਾਜ ਵਿੱਚ 15 ਖੇਡ ਸਟੇਡੀਅਮ ਸਮੇਤ 5 ਹਾਕੀ ਸਟੇਡੀਅਮ ਅਗਲੇ ਸਾਲ ਮਾਰਚ ਤੱਕ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਹਾਕੀ ਦਾ ਪੁਰਾਣਾ ਵਕਾਰ ਬਹਾਲ ਕਰਨ ਲਈ 416 ਕਰੋੜ ਰੁਪਏ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ।

       ਪਾਰਟੀ ਵਰਕਰਾਂ ਨੂੰ ਕਾਂਗਰਸ ਨੂੰ ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਮਨਫ਼ੀ ਕਰਨ ਲਈ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚੋਂ ਬਾਹਰ ਹੋਣ ਤੋਂ ਬਾਅਦ ਕਾਂਗਰਸੀ ਨੇਤਾ ਪੰਜਾਬ ਵਿੱਚ ਗਲਤ ਬਿਆਨੀ ਕਰਕੇ ਆਪਣਾ ਖੁਰਦਾ ਜਨ ਅਧਾਰ ਬਚਾਉਣ ਦੀ ਅਸਫ਼ਲ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਸ ਦੇ ਸਾਥੀ ਕਾਂਗਰਸ ਦੇ ਡੁੱਬਦੇ ਜਹਾਜ਼ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕਦੇ ਪੰਜਾਬ ਦੀ ਮਾੜੀ ਮਾਲੀ ਹਾਲਤ ਦਾ ਰੌਲਾ ਪਾਉਂਦੇ ਹਨ ਅਤੇ ਕਦੇ ਅਤਿਵਾਦ ਨੂੰ ਹਵਾ ਦੇਣ ਦਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਕਾਰਜਕਾਲ ਦੌਰਾਨ ਨਾ ਤਾਂ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਸਕੀ ਤੇ ਨਾ ਹੀ ਗਰੀਬਾਂ ਦੀਆਂ ਧੀਆਂ ਨੂੰ ਸ਼ਗਨ। ਅਤਿਵਾਦ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਖੁਦ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੈਨੇਡਾ ਦੇ ਗੁਰਦੁਆਰੇ ਵਿੱਚ ਉਸ ਨੇ ਕੀ ਕੀਤਾ ਅਤੇ ਅੰਮ੍ਰਿਤਸਰ ਵਿੱਚ ਕੀ ਕੀਤਾ ਸੀ।
         ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਨੇ ਸ਼ਹਿਰ ਵਿੱਚ ਇੱਕ ਹੋਟਲ ਦਾ ਉਦਘਾਟਨ ਵੀ ਕੀਤਾ ਅਤੇ ਡਾ. ਸੁੱਖੀ ਦੇ ਘਰ ਵੀ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ, ਸ੍ਰੀ ਸੋਹਣ ਸਿੰਘ ਠੰਡਲ ਤੇ ਸ੍ਰੀ ਪਵਨ ਕੁਮਾਰ ਟੀਨੂ, ਗੁਰਪ੍ਰਤਾਪ ਸਿੰਘ ਵਡਾਲਾ, ਪਰਗਟ ਸਿੰਘ ਤੇ ਰਣਜੀਤ ਸਿੰਘ ਢਿੱਲੋਂ (ਸਾਰੇ ਵਿਧਾਇਕ), ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ, ਸ੍ਰੀ ਜਗਤੇਸ਼ਵਰ ਸਿੰਘ ਮਜੀਠੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰੇਸ਼ਮ ਸਿੰਘ ਥਿਆੜਾ, ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਸੁਦੇਸ਼ ਸ਼ਰਮਾ ਤੇ ਹੋਰ ਆਗੂ ਵੀ ਮੌਜੂਦ ਸਨ।

No comments:

Post a Comment