Wednesday 10 October 2012

ਭੱਠਾ ਮਾਲਕਾਂ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ


  • ਬਾਦਲ ਵਲੋਂ ਭੱਠਾ ਮਾਲਕਾਂ ਦਾ ਮਾਮਲਾ ਕੇਂਦਰੀ ਵਾਤਾਵਰਣ ਮੰਤਰਾਲੇ ਕੋਲ ਉਠਾਉਣ ਦਾ ਭਰੋਸਾ
ਚੰਡੀਗੜ੍ਹ, 10 ਅਕਤੂਬਰ: ਅੱਜ ਪੰਜਾਬ ਭਰ ਤੋਂ ਆਏ ਭੱਠਾ ਮਾਲਕਾਂ ਦੇ ਵਫਦ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਨਾਲ ਭੱਠਾ ਸਨਅਤ ਦੇ ਪ੍ਰਭਾਵਤ ਹੋਣ ਬਾਰੇ ਜਾਣੂ ਕਰਵਾਇਆ।ਵਫਦ ਨੇ ਉਨ੍ਹਾੰ ਨੂੰ ਦਰਪੇਸ਼ ਆਉਣ ਵਾਲੀ ਮੁਸ਼ਕਲ ਦਾ ਮਾਮਲਾ ਕੇਂਦਰੀ ਵਾਤਾਵਰਣ ਮੰਤਰਾਲੇ ਕੋਲ ਉਠਾਉਣ ਦੀ ਮੰਗ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਭੱਠਾ ਸਨਅਤ ਪ੍ਰਭਾਵਤ ਹੋਵੇਗੀ ਜੋ ਕਿ ਰਾਜ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰ ਰਹੀ ਹੈ। ਉਪ ਮੁੱਖ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭੱਠਾ ਸਨਅਤ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਕੇਂਦਰੀ ਵਾਤਾਵਰਣ ਮੰਤਰਾਲੇ ਮੰਤਰੀ ਜੈਯੰਤੀ ਨਟਰਾਜਨ ਨੂੰ ਇਕ ਪੱਤਰ ਪਹਿਲਾਂ ਹੀ ਲਿਖ ਚੁੱਕੇ ਹਨ ਅਤੇ ਛੇਤੀ ਹੀ ਕੇਂਦਰੀ ਮੰਤਰੀ ਨਾਲ ਗਲ ਕਰਨਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਲੋੜ ਪਈ ਤਾਂ ਉਹ ਆਪ ਨਿਜੀ ਤੌਰ 'ਤੇ ਇਕ ਵਫਦ ਕੇਂਦਰੀ ਮੰਤਰੀ ਕੋਲ ਲੈ ਕੇ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਕਮਲ ਸ਼ਰਮਾ, ਸਲਾਹਕਾਰ/ਮੁੱਖ ਮੰਤਰੀ, ਸ਼੍ਰੀ ਪ੍ਰੇਮ ਸਿੰਘ ਚੰਦੂਮਾਜਰਾ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸ਼੍ਰੀ ਸਰਬਜੀਤ ਸਿੰਘ ਮਕੜ, ਸਾਬਕਾ ਵਿਧਾਇਕ ਅਤੇ ਵੱਖ ਵੱਖ ਭੱਠਾ ਮਾਲਕ ਸੰਗਠਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸ਼੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ, ਸ਼੍ਰੀ ਡੀ.ਪੀ. ਰੈਡੀ, ਪ੍ਰਮੁੱਖ ਸਕੱਤਰ ਆਬਕਾਰੀ ਅਤੇ ਕਰ, ਸ਼੍ਰੀ ਏ. ਵੇਣੂਪ੍ਰਸਾਦ, ਆਬਕਾਰੀ ਅਤੇ ਕਰ ਕਮਿਸ਼ਨਰ, ਸ਼੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਇੰਡਸਟਰੀਜ਼, ਸ਼੍ਰੀ ਮਨਵੇਸ਼ ਸਿੰਘ ਸਿੱਧੂ ਅਤੇ ਸ਼੍ਰੀ ਅਜੈ ਕੁਮਾਰ ਮਹਾਜਨ ਦੋਵੇਂ ਵਿਸ਼ੇਸ਼ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਸਰਕਾਰੀ ਪ੍ਰਤੀਨਿਧਾਂ ਵਜੋਂ ਹਾਜਰ ਸਨ।

No comments:

Post a Comment