Sunday 21 October 2012

ਬਾਦਲ ਵੱਲੋਂ ਸਿਆਸੀ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਸੂਬੇ ਦੀ ਭਲਾਈ ਲਈ ਇਕੱਠਿਆਂ ਕੰਮ ਕਰਨ ਦਾ ਸੱਦਾ


  • ਦਿ ਸੰਡੇ ਗਾਰਡੀਅਨ ਦੀ ਰਸਮੀ ਲਾਂਚਿੰਗ
  • ਮੀਡੀਆ ਨੂੰ ਵਿਕਾਸਮਈ ਗਤੀਵਿਧੀਆਂ ਅਤੇ ਲੋਕ ਪੱਖੀ ਨੀਤੀਆਂ ਉਭਾਰਨ ਲਈ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ
ਚੰਡੀਗੜ੍ਹ, 21 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਲਾਹਾ ਲੈਣ ਦੀ ਖਾਤਰ ਇਕ ਦੂਜੇ ਦੀ ਆਲੋਚਨਾ ਕਰਨ ਦੀ ਬਜਾਏ ਆਪਸੀ ਮਤਭੇਦ ਭੁਲਾ ਕੇ ਸੂਬੇ ਦੇ ਭਲੇ ਅਤੇ ਵਿਕਾਸ ਲਈ ਇਕੱਠਿਆ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ ਸਿਆਸੀ ਆਲੋਚਨਾ ਨੂੰ ਹੀ ਅਧਾਰ ਬਣਾਉਣਾ ਜਿੱਥੇ ਪੂਰੀ ਤਰ੍ਹਾਂ ਬੇਲੋੜਾ ਹੈ, ਉਥੇ ਜਮਹੂਰੀਅਤ ਦੀਆਂ ਨੈਤਿਕ ਕਦਰਾਂ-ਕੀਮਤਾਂ ਦੇ ਵੀ ਖਿਲਾਫ਼ ਹੈ।
      ਅੱਜ ਇੱਥੇ ਇਕ ਪ੍ਰਾਈਵੇਟ ਹੋਟਲ ਵਿੱਚ ਚੰਡੀਗੜ੍ਹ ਤੋਂ ਛਪਣ ਵਾਲੇ ਇਕ ਹਫ਼ਤਾਵਰੀ ਅਖਬਾਰ 'ਦਿ ਸੰਡੇ ਗਾਰਡੀਅਨ' ਦੀ ਰਸਮੀ ਤੌਰ 'ਤੇ ਸ਼ੁਰੂਆਤ ਕਰਨ ਮੌਕੇ ਪ੍ਰਿੰਟ ਅਤੇ ਇਲੈਟ੍ਰਾਨਿਕ ਮੀਡੀਆ ਦੀਆਂ ਉੱਘੀਆਂ ਹਸਤੀਆਂ ਅਤੇ ਵੱਖ ਵੱਖ ਖੇਤਰਾਂ ਦੀਆਂ ਨਾਮੀਂ ਹਸਤੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਇਸ ਅਖਬਾਰ ਦੇ ਮੁੱਖ ਸੰਪਾਦਕ ਸ੍ਰੀ ਐਮ.ਜੇ.ਅਕਬਰ ਜੋ ਵਿਸ਼ਵ ਦੇ ਨਾਮਵਰ ਪੱਤਰਕਾਰਾਂ 'ਚੋਂ ਇਕ ਹਨ, ਤੇ ਉਨ੍ਹਾਂ ਦੀ ਟੀਮ ਨੂੰ ਇਸ ਨਿਵੇਕਲੇ ਉਦਮ ਲਈ ਵਧਾਈ ਦਿੱਤੀ। ਸ. ਬਾਦਲ ਨੇ ਆਖਿਆ ਕਿ ਪੱਤਰਕਾਰਾਂ ਨੂੰ ਆਪਣੀ ਡਿਊਟੀ ਪੂਰੀ ਸੰਜੀਦਗੀ, ਸਮਰਪਿਤ ਭਾਵਨਾ,. ਇਮਾਨਦਾਰੀ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਉਣੀ ਚਾਹੀਦੀ ਹੈ ਕਿਉਂ ਜੋ ਉਹ ਜਮਹੂਰੀਅਤ ਦੇ ਚੌਥੇ ਥੰਮ ਹੋਣ ਦੀ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਨਾਜ਼ੁਕ ਮਾਮਲਿਆਂ ਦੀ ਰਿਪੋਰਟਿੰਗ ਸਮੇਂ ਬਹੁਤ ਸੂਝ-ਬੂਝ ਤੋਂ ਕੰਮ ਲੈਣ ਤਾਂ ਜੋ ਸਾਡੇ ਦੇਸ਼ ਦੀ ਸੁਰੱਖਿਆ, ਸਦਭਾਵਨਾ ਅਤੇ ਏਕਤਾ ਨੂੰ ਕੋਈ ਖਤਰਾ ਪੈਦਾ ਨਾ ਹੋਵੇ।
       ਸਰਕਾਰ ਦੀਆਂ ਵਿਕਾਸਮਈ ਗਤੀਵਿਧੀਆਂ ਅਤੇ ਨੀਤੀਆਂ ਨੂੰ ਉਭਾਰਨ ਲਈ ਮੀਡੀਆ ਦੇ ਸਹਿਯੋਗ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੀਡੀਆ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਵੀ ਜਨਤਾ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਹੇਠਲੇ ਪੱਧਰ ਤੱਕ ਲੋਕਾਂ ਨੂੰ ਇੰਨਾ ਦਾ ਲਾਭ ਮਿਲ ਸਕੇ। ਉਨ੍ਹਾਂ ਚੇਤੇ ਕਰਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਸਾਡੇ ਲੋਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਲੰਮੀਆਂ ਲੜਾਈਆਂ ਅਤੇ ਇੱਥੋਂ ਤੱਕ ਕਿ ਜੇਲ੍ਹਾਂ ਵੀ ਕੱਟੀਆਂ ਹਨ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਸਿਰਫ ਇਕ ਨਿਗਰਾਨ ਵਜੋਂ ਹੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ ਸਗੋਂ ਸਮਾਜ ਅਤੇ ਸਰਕਾਰ ਨੂੰ ਸੂਬੇ ਅਤੇ ਦੇਸ਼ ਲਈ ਰਾਜਨੀਤਿਕ, ਸਮਾਜਿਕ, ਆਰਥਿਕ, ਸਿੱਖਿਆ ਅਤੇ ਸਭਿਆਚਾਰਕ ਏਜੰਡਾ ਤੈਅ ਕਰਨ ਮੌਕੇ ਮਦਦਗੀਰ ਵੀ ਬਣਨਾ ਚਾਹੀਦਾ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਮੀਡੀਆ ਨੂੰ ਫਿਰਕੂ ਸਦਭਾਵਨਾ ਅਤੇ ਕੌਮੀ ਏਕਤਾ ਦੇ ਨਾਲ ਨਾਲ ਮਹੱਤਵਪੂਰਨ ਸਮਾਜਿਕ-ਸਭਿਆਚਾਰਕ ਮੱਦਿਆਂ ਲਈ ਜਨਤਕ ਰਾਏ ਬਣਾਉਣ ਵਾਸਤੇ ਉਸਾਰੂ ਅਤੇ ਹੋਰ ਸਰਗਰਮ ਰੋਲ ਅਦਾ ਕਰੇ।

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਮੀਡੀਆ ਦੀ ਆਜ਼ਾਦੀ ਦੀ ਰਾਖੀ ਅਤੇ ਮਾਣ-ਸਨਮਾਨ ਕਾਇਮ ਰੱਖਣ ਲਈ ਹਰ ਹੀਲੇ ਕਾਇਮ ਕਰਨ ਲਈ ਵਚਨਬੱਧ ਹੈ।
       ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ 'ਦਿ ਸੰਡੇ ਗਾਰਡੀਅਨ' ਦੇ ਮੁੱਖ ਸੰਪਾਦਕ ਸ੍ਰੀ ਐਮ.ਜੇ. ਅਕਬਰ ਨੇ ਆਖਿਆ ਕਿ ਚੰਡੀਗੜ੍ਹ ਜੋ ਹੁਣ ਤੱਕ ਸਮਾਜਿਕ, ਸਭਿਆਚਾਰਕ, ਭਾਵਨਾਤਮਕ ਅਤੇ ਆਰਥਿਕ ਤੌਰ 'ਤੇ ਦੇਸ਼ ਦਾ ਮੋਹਰੀ ਸ਼ਹਿਰ ਬਣ ਕੇ ਉਭਰਿਆ ਹੈ ਅਤੇ ਹੁਣ ਛੇਤੀ ਹੀ ਇਹ ਆਪਣੀ ਪਹਿਚਾਣ ਮੀਡੀਆ ਹੱਬ ਵਜੋਂ ਵੀ ਬਣਾ ਲਵੇਗਾ ਕਿਉਂ ਜੋ ਇੱਥੇ ਅਨੇਕਾਂ ਕੌਮੀ ਅਤੇ ਖੇਤਰੀ ਅਖਬਾਰਾਂ ਨੇ ਆਪਣੇ ਪੈਰ ਮਜ਼ਬੂਤ ਕਰ ਲਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ 'ਦਿ ਸੰਡੇ ਗਾਰਡੀਅਨ' ਦਾ ਚੰਡੀਗੜ੍ਹ ਐਡੀਸ਼ਨ ਉੱਤਰੀ ਭਾਰਤ ਵਿੱਚ ਉਚ ਕਦਰਾਂ-ਕੀਮਤਾਂ ਵਾਲੀ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਵੇਗਾ।
       ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਵੀ. ਪਾਟਿਲ, ਹਰਿਆਣਾ ਦੇ ਰਾਜਪਾਲ ਸ੍ਰੀ ਜਗਨ ਨਾਥ ਪਹਾੜੀਆ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਸ਼ਾਮਲ ਸਨ।

No comments:

Post a Comment