Tuesday 16 October 2012

ਟਰਾਂਸਪੋਰਟ ਮੰਤਰੀ ਵਲੋਂ ਵਾਹਨਾਂ 'ਤੇ ਰਿਫਲੈਕਟਰ ਲਾਉਣ ਦੇ ਨਿਰਦੇਸ਼


  • ਰਾਜ ਭਰ ਵਿੱਚ ਸੜਕ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ 'ਤੇ ਜੋਰ
ਚੰਡੀਗੜ੍ਹ, 16 ਅਕਤੂਬਰ : ਪੰਜਾਬ ਦੇ ਟਰਾਂਸਪੋਰਟ ਮੰਤਰੀ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੇ ਚੇਅਰਮੈਨ ਸ. ਅਜੀਤ ਸਿੰਘ ਕੋਹਾੜ ਨੇ ਰਾਜ ਵਿੱਚ ਸੜਕ ਹਾਦਸਿਆਂ ਵਿੱਚ ਅਜਾਂਈਂ ਜਾ ਰਹੀਆਂ ਜਾਨਾਂ  ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਿਨਾ ਲਾਈਟਾਂ ਵਾਲੇ ਸਾਰੇ ਵਾਹਨਾਂ 'ਤੇ ਰਿਫਲੈਕਟਰ ਲਾਉਣ ਦੇ ਨਿਰਦੇਸ਼ ਦਿੱਤੇ ਹਨ। 
ਅੱਜ ਏਥੇ ਜਾਰੀ ਇੱਕ ਬਿਆਨ ਵਿੱਚ ਸ. ਕੋਹਾੜ ਨੇ ਕਿਹਾ ਕਿ ਵਰਤਮਾਨ ਸਮੇਂ ਰਾਜ ਭਰ ਵਿੱਚ ਸੜਕ ਹਾਦਸਿਆਂ ਕਾਰਨ ਹਰ ਸਾਲ ਲੱਗ ਭੱਗ 3500 ਕੀਮਤੀ ਜਾਨਾਂ ਅਜਾਂਈਂ ਚਲੀਆਂ ਜਾਂਦੀਆਂ ਹਨ ਜਿਨ੍ਹਾ ਨੂੰ ਠੱਲ੍ਹ ਪਾਉਣਾ ਰਾਜ ਸੜਕ ਸੁਰੱਖਿਆ ਕੌਂਸਲ ਦੀ ਪ੍ਰਾਥਮਿਕਤਾ ਹੈ। 
ਸੜਕ ਹਾਦਸਿਆਂ ਨੂੰ ਰੋਕਣ ਦੀ ਫੌਰੀ ਜ਼ਰੂਰਤ 'ਤੇ ਜੋਰ ਦਿੰਦੇ ਹੋਏ ਸ. ਕੋਹਾੜ ਨੇ ਸਾਰੇ ਜਿਲ੍ਹਿਆਂ ਦੇ ਟਰਾਂਸਪੋਰਟ ਅਧਿਕਾਰੀਆਂ ਅਤੇ ਹੋਰ ਸਬੰਧਿਤ ਅਫਸਰਾਂ ਨੂੰ ਧੁੰਦ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਵਾਹਨਾਂ 'ਤੇ ਰਿਫਲੈਕਰ ਲਾਉਣ ਨੂੰ ਯਕੀਨੀ ਬਨਾਉਣ ਨੂੰ ਆਖਿਆ ਹੈ। ਉਨ੍ਹਾ ਕਿਹਾ ਕਿ ਟਰੈਕਟਰ-ਟਰਾਲੀ, ਰੇਹੜੀ, ਰਿਸ਼ਕਾ, ਸਾਇਕਲ ਆਦਿ ਵਾਹਨਾਂ ਜਿਨ੍ਹਾ ਦੇ ਅੱਗੇ ਪਿੱਛੇ ਲਾਈਟਾਂ ਨਹੀਂ ਹਨ 'ਤੇ ਲਾਲ ਰੰਗ ਦੇ ਰਿਫਲੈਕਟਰ ਲਾਉਣ ਨਾਲ ਹਾਦਸਿਆਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਵਾਹਨਾਂ 'ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਰਾਤ ਨੂੰ ਅੱਗੋਂ ਤੇਜ ਰੋਸ਼ਨੀ ਵਾਲੇ ਵਾਹਨਾਂ ਦੇ ਆਉਣ ਕਾਰਨ ਇਨ੍ਹਾ ਦਾ ਪਤਾ ਨਹੀਂ ਲਗਦਾ ਜਿਸ ਕਾਰਕੇ ਆਮ ਤੌਰ 'ਤੇ ਹਾਦਸੇ ਵਾਪਰ ਜਾਂਦੇ ਹਨ। ਇਨ੍ਹਾ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ।
ਇਸ ਮੌਕੇ ਸ. ਕੋਹਾੜ ਨੇ ਲੋਕਾਂ ਨੂੰ ਵੀ ਆਪਣੇ ਵਾਹਨਾਂ 'ਤੇ ਰਿਫਲੈਕਟਰ ਲਾਗਵਾਉਣ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਕੁਝ ਹਾਦਸਿਆਂ ਨੂੰ ਅਸੀਂ ਸੜਕੀ ਨਿਯਮਾਂ ਦੀ ਪਾਲਣਾ ਕਰਕੇ ਘਟਾ ਸਕਦੇ ਹਾਂ।

No comments:

Post a Comment